ਸਾਲ ਦੇ ਆਖਿਰ ਤੱਕ ਆ ਜਾਵੇਗੀ ਚੀਨ ਦੀ ਕੋਰੋਨਾ ਵੈਕਸੀਨ

Friday, Jul 24, 2020 - 02:40 AM (IST)

ਬੀਜ਼ਿੰਗ - ਚੀਨੀ ਸਰਕਾਰੀ ਮੀਡੀਆ ਦਾ ਆਖਣਾ ਹੈ ਕਿ ਇਕ ਦਵਾਈ ਕੰਪਨੀ ਵੱਲੋਂ ਬਣਾਈ ਜਾ ਰਹੀ ਕੋਰੋਨਾ ਵੈਕਸੀਨ ਇਸ ਸਾਲ ਦੇ ਆਖਿਰ ਤੱਕ ਤਿਆਰ ਹੋ ਸਕਦੀ ਹੈ। ਚਾਈਨਾ ਨੈਸ਼ਨਲ ਫਾਰਮਾਸੁਟਿਕਲ ਗਰੁੱਪ ਸਿਨੋਫਾਰਮ ਦੇ ਚੇਅਰਮੈਨ ਲਿਯੁ ਜਿੰਗਝੇਨ ਨੇ ਕਿਹਾ ਹੈ ਕਿ ਵੈਕਸੀਨ ਦੇ ਹਿਊਮਨ ਟ੍ਰਾਇਲ ਜਾਰੀ ਹਨ ਅਤੇ ਉਮੀਦ ਹੈ ਕਿ ਅਗਲੇ 3 ਮਹੀਨਿਆਂ ਵਿਚ ਇਹ ਟ੍ਰਾਇਲ ਪੂਰੇ ਕਰ ਲਏ ਜਾਣਗੇ। ਸਿਨੋਫਾਰਮ ਦੀ ਇਕ ਈਕਾਈ ਚਾਈਨਾ ਨੈਸ਼ਨਲ ਬਾਇਓਟੈੱਕ ਗਰੁੱਪ ਨੇ ਕਿਹਾ ਹੈ ਕਿ ਚੀਨ ਵਿਚ ਹੁਣ ਕੋਰੋਨਾ ਲਾਗ ਦੇ ਮਾਮਲੇ ਘੱਟ ਹਨ ਜਿਸ ਕਾਰਨ ਇਥੇ ਵੈਕਸੀਨ ਦੀ ਟੈਸਟਿੰਗ ਲਈ ਲੋਕਾਂ ਦੀ ਭਾਲ ਕਰਨਾ ਮੁਸ਼ਕਿਲ ਹੋ ਰਹੀ ਹੈ। ਹਾਲਾਂਕਿ ਇਸ ਵੈਕਸੀਨ ਦਾ ਟ੍ਰਾਇਲ ਫਿਲਹਾਲ ਚੀਨ ਤੋਂ ਬਾਹਰ ਦੂਜੇ ਦੇਸ਼ਾਂ ਵਿਚ ਚੱਲ ਰਿਹਾ ਹੈ ਜਿਨ੍ਹਾਂ ਵਿਚ ਸੰਯੁਕਤ ਅਰਬ ਅਮੀਰਾਤ ਵੀ ਸ਼ਾਮਲ ਹੈ।

ਇਸ ਤੋਂ ਇਲਾਵਾ ਚੀਨੀ ਕੰਪਨੀ ਸਿਵੋਵੈਕ ਬਾਇਓਟੈੱਕ ਬ੍ਰਾਜ਼ੀਲ ਅਤੇ ਬੰਗਲਾਦੇਸ਼ ਵਰਗੇ ਮੁਲਕਾਂ ਵਿਚ ਟੈਸਟਿੰਗ ਕਰ ਰਹੀ ਹੈ। ਬੰਗਲਾਦੇਸ਼ ਵਿਚ ਇਸ ਚੀਨੀ ਵੈਕਸੀਨ ਦੇ ਤੀਜੇ ਪੜਾਅ ਨੂੰ ਕੁਝ ਦਿਨ ਪਹਿਲਾਂ ਹੀ ਮਨਜ਼ੂਰੀ ਦਿੱਤੀ ਗਈ ਸੀ। ਦੱਸ ਦਈਏ ਕਿ ਕੋਰੋਨਾ ਵੈਕਸੀਨ ਬਣਾਉਣ ਤੋਂ ਕਈ ਕੰਪਨੀਆਂ ਅਤੇ ਕਈ ਦੇਸ਼ਾਂ ਵਿਚ ਦੌੜ ਲੱਗੀ ਹੋਈ ਹੈ। ਪਰ ਬਿ੍ਰਟੇਨ ਦੀ ਆਕਸਫੋਰਡ ਯੂਨੀਵਰਸਿਟੀ ਦੀ ਐਸਟ੍ਰੇਜ਼ੈਨੇਕਾ ਅਤੇ ਅਮਰੀਕਾ ਦੀ ਮੋਡੇਰਨਾ ਕੰਪਨੀ ਦੀ ਕੋਰੋਨਾ ਵੈਕਸੀਨ ਕੋਰੋਨਾ ਵੈਕਸੀਨ ਬਣਾਉਣ ਦੀ ਦੌੜ ਵਿਚ ਸਭ ਤੋਂ ਅੱਗੇ ਚੱਲ ਰਹੀਆਂ ਹਨ। ਉਥੇ ਹੀ ਬੀਤੇ ਦਿਨੀਂ ਵਿਸ਼ਵ ਸਿਹਤ ਸੰਗਠਨ (ਡਬਲਯੂ. ਐਚ. ਓ.) ਨੇ ਆਖਿਆ ਸੀ ਕਿ ਕੋਰੋਨਾ ਵੈਕਸੀਨ 2021 ਤੋਂ ਪਹਿਲਾਂ ਆਉਣ ਦੀ ਕੋਈ ਉਮੀਦ ਨਹੀਂ ਹੈ। ਪਰ ਫਿਰ ਵੀ ਕਈ ਕੰਪਨੀਆਂ ਕੋਰੋਨਾ ਵੈਕਸੀਨ ਬਣਾਉਣ ਵਿਚ ਕਾਫੀ ਅੱਗੇ ਚੱਲ ਰਹੀਆਂ ਹਨ ਅਤੇ ਉਨ੍ਹਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਸਾਲ ਦੇ ਆਖਿਰ ਜਾਂ ਅਗਲੇ ਸਾਲ ਦੀ ਸ਼ੁਰੂਆਤ ਵਿਚ ਕੋਰੋਨਾ ਵੈਕਸੀਨ ਦਾ ਉਤਪਾਦਨ ਸ਼ੁਰੂ ਕਰ ਦਿੱਤਾ ਜਾਵੇਗਾ।


Khushdeep Jassi

Content Editor

Related News