ਹੁਣ ਚੀਨ ''ਚ ''ਰੋਬੋਟ'' ਕਰੇਗਾ ''ਚੌਕੀਦਾਰੀ''

Friday, Mar 22, 2019 - 01:57 PM (IST)

ਹੁਣ ਚੀਨ ''ਚ ''ਰੋਬੋਟ'' ਕਰੇਗਾ ''ਚੌਕੀਦਾਰੀ''

ਬੀਜਿੰਗ (ਭਾਸ਼ਾ)— ਚੀਨ ਲਗਾਤਾਰ ਰੋਬੋਟ ਤਕਨੀਕ ਨੂੰ ਵਿਕਸਤ ਕਰਨ 'ਤੇ ਕੰਮ ਕਰ ਰਿਹਾ ਹੈ। ਚੀਨ ਨੇ ਪਹਿਲਾਂ ਵਰਚੁਅਲ ਐਂਕਰ ਬਣਾਇਆ ਸੀ ਹੁਣ ਉਸ ਨੇ ਇਕ 'ਰੋਬੋਟ ਚੌਕੀਦਾਰ' ਬਣਾਇਆ ਹੈ। ਚੀਨ ਦੀ ਰਾਜਧਾਨੀ ਬੀਜਿੰਗ ਵਿਚ ਇਕ ਰਿਹਾਇਸ਼ੀ ਭਾਈਚਾਰੇ ਨੇ ਆਪਣੀ ਤਰ੍ਹਾਂ ਦਾ ਪਹਿਲਾ 'ਰੋਬੋਟ ਚੌਕੀਦਾਰ' ਤਾਇਨਾਤ ਕੀਤਾ ਹੈ। ਇਹ ਰੋਬੋਟ ਲੋਕਾਂ ਦੇ ਚਿਹਰੇ ਦੀਆਂ ਤਸਵੀਰਾਂ ਕੈਦ ਕਰ ਸਕਦਾ ਹੈ ਅਤੇ ਉਨ੍ਹਾਂ ਨਾਲ ਗੱਲ ਕਰ ਸਕਦਾ ਹੈ। ਇਸ ਰੋਬੋਟ ਨਾਲ ਹੁਣ ਰਾਤ ਸਮੇਂ ਕਿਸੇ ਮਨੁੱਖ ਨੂੰ ਚੌਕੀਦਾਰੀ ਕਰਨ ਦੀ ਲੋੜ ਨਹੀਂ ਰਹੇਗੀ। 

ਬੀਜਿੰਗ ਏਅਰੋਸਪੇਸ ਆਟੋਮੈਟਿਕ ਕੰਟਰੋਲ ਇੰਸਟੀਚਿਊਟ (ਬੀ.ਏ.ਏ.ਸੀ.ਆਈ.) ਦੇ ਪ੍ਰਾਜੈਕਟ ਨਿਦੇਸ਼ਕ ਲਿਊ ਗਾਂਗਜੁਨ ਨੇ ਚੀਨ ਦੇ ਸਰਕਾਰੀ ਅਖਬਾਰ ਨੂੰ ਵੀਰਵਾਰ ਨੂੰ ਦੱਸਿਆ ਕਿ ਰੋਬੋਟ ਮੇਈਬਾਓ ਨਾ ਸਿਰਫ ਗੈਰ ਕਾਨੂੰਨੀ ਗਤੀਵਿਧੀਆਂ 'ਤੇ ਨਜ਼ਰ ਰੱਖਦਾ ਹੈ ਸਗੋਂ ਬੀਜਿੰਗ ਵਿਚ ਮੇਈਯੁਆਨ ਭਾਈਚਾਰੇ ਦੇ ਲੋਕਾਂ ਨੂੰ ਉਪਯੋਗੀ ਜਾਣਕਾਰੀ ਵੀ ਮੁਹੱਈਆ ਕਰਵਾਉਂਦਾ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਰੋਬੋਟ ਦਾ ਦਸੰਬਰ 2018 ਤੋਂ ਅਪ੍ਰੈਲ 2019 ਤੱਕ ਪਰੀਖਣ ਕੀਤਾ ਜਾ ਰਿਹਾ ਹੈ।

ਲਿਊ ਨੇ ਦੱਸਿਆ ਕਿ ਬੀ.ਏ.ਏ.ਸੀ.ਆਈ. ਨੇ ਚਾਈਨਾ ਅਕੈਡਮੀ ਆਫ ਲਾਂਚ ਵ੍ਹੀਕਲ ਤਕਨਾਲੋਜੀ ਦੀ ਮਦਦ ਨਾਲ ਇਸ ਨੂੰ ਵਿਕਸਿਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਜੇਕਰ ਸੋਸਾਇਟੀ ਵਿਚ ਕੋਈ ਸ਼ੱਕੀ ਦਿੱਸਦਾ ਹੈ ਤਾਂ ਮੇਈਬਾਓ ਉਸ ਨੂੰ ਪਛਾਣ ਲਵੇਗਾ ਅਤੇ ਅਲਾਰਮ ਵੱਜਣ ਲੱਗੇਗਾ। ਉਨ੍ਹਾਂ ਨੇ ਦੱਸਿਆ ਕਿ ਇਹ ਰੋਬੋਟ ਮੌਸਮ ਦੀ ਭਵਿੱਖਬਾਣੀ ਵੀ ਕਰ ਸਕਦਾ ਹੈ। ਇਸ ਦੇ ਇਲਾਵਾ ਮਜ਼ੇਦਾਰ ਕਹਾਣੀਆਂ ਸੁਣਾ ਸਕਦਾ ਹੈ ਅਤੇ ਗਾਣੇ ਵੀ ਵਜਾ ਸਕਦਾ ਹੈ। ਅਜਿਹੀਆਂ ਖਾਸੀਅਤਾਂ ਕਰ ਕੇ ਕਈ ਬੱਚੇ ਉਸ ਨਾਲ ਗੱਲ ਕਰਨ ਲਈ ਆਕਰਿਸ਼ਤ ਹੁੰਦੇ ਹਨ।


author

Vandana

Content Editor

Related News