ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਭੜਕਿਆ ਚੀਨ, ਦਿੱਤੀ ਨਤੀਜਾ ਭੁਗਤਣ ਦੀ ਧਮਕੀ

Friday, Jul 03, 2020 - 06:23 PM (IST)

ਆਸਟ੍ਰੇਲੀਆ ਅਤੇ ਬ੍ਰਿਟੇਨ ਦੇ ਭੜਕਿਆ ਚੀਨ, ਦਿੱਤੀ ਨਤੀਜਾ ਭੁਗਤਣ ਦੀ ਧਮਕੀ

ਸਿਡਨੀ/ਬੀਜਿੰਗ (ਬਿਊਰੋ): ਹਾਂਗਕਾਂਗ ਦੇ ਮੁੱਦੇ 'ਤੇ ਚੀਨ ਪੂਰੀ ਦੁਨੀਆ ਵਿਚ ਘਿਰ ਚੁੱਕਾ ਹੈ। ਚੀਨ ਨੇ ਹਾਂਗਕਾਂਗ ਦੀ ਖੁਦਮੁਖਤਿਆਰੀ ਖਤਮ ਕਰਨ ਦੇ ਉਦੇਸ਼ ਨਾਲ ਉੱਥੇ ਨਵਾਂ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਹੈ ਜਿਸ ਦਾ ਹਾਂਗਕਾਂਗ ਸਮੇਤ ਪੂਰੀ ਦੁਨੀਆ ਵਿਚ ਵਿਰੋਧ ਹੋ ਰਿਹਾ ਹੈ। ਬ੍ਰਿਟੇਨ ਦੇ ਬਾਅਦ ਆਸਟ੍ਰੇਲੀਆਈ ਸਰਕਾਰ ਨੇ ਵੀ ਵੀਰਵਾਰ ਨੂੰ ਆਪਣੇ ਇੱਥੇ ਹਾਂਗਕਾਂਗ ਦੇ ਲੋਕਾਂ ਨੂੰ ਸੁਰੱਖਿਅਤ ਸ਼ਰਨ ਦੇਣ ਦੀ ਗੱਲ ਕਹੀ ਸੀ। ਇਸ ਨਾਲ ਚੀਨ ਭੜਕ ਪਿਆ ਅਤੇ ਉਸ ਨੇ ਆਸਟ੍ਰੇਲੀਆ ਨੂੰ ਚਿਤਾਵਨੀ ਦੇ ਦਿੱਤੀ ਕਿ ਉਹ ਉਸ ਦੇ ਅੰਦਰੂਨੀ ਮਾਮਲੇ ਵਿਚ ਦਖਲ ਦੇਣ ਦੀ ਕੋਸ਼ਿਸ਼ ਨਾ ਕਰੇ।

ਹਾਂਗਕਾਂਗ ਚੀਨ ਦੇ 'ਵਨ ਨੇਸ਼ਨ ਟੂ ਸਿਸਟਮ' ਦਾ ਹਿੱਸਾ ਹੈ ਜਿਸ ਦੇ ਤਹਿਤ ਹਾਂਗਕਾਂਗ ਨੂੰ ਕਈ ਮਾਮਲਿਆਂ ਵਿਚ ਖੁਦਮੁਖਤਿਆਰੀ ਹਾਸਲ ਹੈ। ਭਾਵੇਂਕਿ ਹੁਣ ਚੀਨ ਨਵੇਂ ਸੁਰੱਖਿਆ ਕਾਨੂੰਨ ਦੇ ਜ਼ਰੀਏ ਇਸ ਖੁਦਮੁਖਤਿਆਰੀ ਨੂੰ ਖੋਹਣ ਦੀ ਕੋਸ਼ਿਸ਼ ਕਰ ਰਿਹਾ ਹੈ। ਬ੍ਰਿਟੇਨ ਦੀ ਬਸਤੀ ਰਹੇ ਹਾਂਗਕਾਂਗ ਨੂੰ ਚੀਨ ਨੂੰ 1997 ਵਿਚ ਸੌਂਪਿਆ ਗਿਆ ਸੀ। ਬ੍ਰਿਟੇਨ ਨੇ ਚੀਨ ਤੋਂ ਇਸ ਸ਼ਹਿਰ ਨੂੰ 2047 ਤੱਕ ਖੁਦਮੁਖਤਿਆਰੀ ਦੇਣ ਦੀ ਗਾਰੰਟੀ ਲਈ ਸੀ।

ਆਸਟ੍ਰੇਲੀਆ ਨੇ ਕਹੀ ਸ਼ਰਨ ਦੇਣ ਦੀ ਗੱਲ
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੀਰਵਾਰ ਨੂੰ ਕਿਹਾ,''ਹਾਂਗਕਾਂਗ ਦੀ ਸਥਿਤੀ ਬਹੁਤ ਚਿੰਤਾਜਨਕ ਹੈ ਅਤੇ ਉਹਨਾਂ ਦੀ ਸਰਕਾਰ ਹਾਂਗਕਾਂਗ ਦੇ ਨਾਗਰਿਆਂ ਦਾ ਆਪਣੇ ਦੇਸ਼ ਵਿਚ ਸਵਾਗਤ ਕਰਨ ਦੇ ਪ੍ਰਸਤਾਵ 'ਤੇ ਵਿਚਾਰ ਕਰ ਰਹੀ ਹੈ।'' ਮੌਰੀਸਨ ਨੇ ਇਕ ਪੱਤਰਕਾਰ ਦੇ ਸਵਾਲ ਦੇ ਜਵਾਬ ਵਿਚ 'ਹਾਂ' ਕਿਹਾ ਕਿ ਉਹ ਹਾਂਗਕਾਂਗ ਦੇ ਨਾਗਰਿਕਾਂ ਨੂੰ ਸੁਰੱਖਿਅਤ ਸ਼ਰਨ ਦੇਣ 'ਤੇ ਵਿਚਾਰ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਹਾਂਗਕਾਂਗ ਦੇ ਜਿਹੜੇ ਵੀ ਨਾਗਰਿਕ ਆਸਟ੍ਰੇਲੀਆ ਆਉਣਾ ਚਾਹੁੰਦੇ ਹਨ, ਉਹ ਉਹਨਾਂ ਦੀ ਮਦਦ ਕਰਨ ਲਈ ਤਿਆਰ ਹਨ। ਆਸਟ੍ਰੇਲੀਆ ਪ੍ਰਵਾਸੀ ਵੀਜ਼ਾ ਜਾਂ ਰਿਫਊਜੀ ਪ੍ਰੋਗਰਾਮ ਦੇ ਤਹਿਤ ਹਾਂਗਕਾਂਗ ਦੇ ਲੋਕਾਂ ਨੂੰ ਆਪਣੇ ਦੇਸ਼ ਵਿਚ ਵਸਣ ਦੀ ਇਜਾਜ਼ਤ ਦੇ ਸਕਦਾ ਹੈ।

ਚੀਨ ਨੇ ਦਿੱਤੀ ਧਮਕੀ
ਵੀਰਵਾਰ ਨੂੰ ਹੀ ਅਮਰੀਕੀ ਸਾਂਸਦਾਂ ਨੇ ਨਵੇਂ ਸੁਰੱਖਿਆ ਕਾਨੂੰਨ ਦੇ ਲਈ ਜ਼ਿੰਮੇਵਾਰ ਚੀਨੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ 'ਤੇ ਪਾਬੰਦੀ ਲਗਾਉਣ ਵਾਲੇ ਬਿੱਲ 'ਤੇ ਸਹਿਮਤੀ ਦਿੱਤੀ। ਇਸ ਦੇ ਨਾਲ ਹੀ ਹਾਂਗਕਾਂਗ ਵਿਚ ਕਾਨੂੰਨ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਦਾ ਦਮਨ ਕਰਨ ਵਾਲੇ ਪੁਲਸ ਅਧਿਕਾਰੀਆਂ ਨੂੰ ਵੀ ਅਮਰੀਕਾ ਪਾਬੰਦੀਸ਼ੁਦਾ ਕਰੇਗਾ। ਚੁਤਰਫਾ ਘਿਰੇ ਚੀਨ ਨੇ ਹੁਣ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਆਸਟ੍ਰੇਲੀਆ ਨੂੰ ਕਿਹਾ ਹੈ ਕਿ ਉਹ ਸੁਰੱਖਿਆ ਕਾਨੂੰਨ ਨੂੰ ਸਹੀ ਅਤੇ ਨਿਰਪੱਖ ਤਰੀਕੇ ਨਾਲ ਦੇਖੇ। ਚੀਨ ਦੇ ਬੁਲਾਰੇ ਝਾਓ ਲਿਜਿਯਾਨ ਨੇ ਕਿਹਾ,''ਹਾਂਗਕਾਂਗ ਸਮੇਤ ਚੀਨ ਦੇ ਕਿਸੇ ਵੀ ਅੰਦਰੂਨੀ ਮਾਮਲੇ ਵਿਚ ਦਖਲ ਦੇਣਾ ਬੰਦ ਕਰੋ ਅਤੇ ਗਲਤ ਰਸਤੇ 'ਤੇ ਅੱਗੇ ਵਧਣ ਤੋਂ ਖੁਦ ਨੂੰ ਰੋਕੋ।''

ਬ੍ਰਿਟੇਨ ਨੇ ਵੀ ਹਾਂਗਕਾਂਗ ਦੇ ਕਰੀਬ ਸਾਢੇ 3 ਲੱਖ ਬ੍ਰਿਟਿਸ਼ ਪਾਸਪੋਰਟਧਾਰਕਾਂ ਅਤੇ ਕਰੀਬ 26 ਲੱਖ ਹੋਰ ਲੋਕਾਂ ਦੇ ਲਈ ਬ੍ਰਿਟੇਨ ਵਿਚ ਪੰਜ ਸਾਲ ਲਈ ਵਸਣ ਦਾ ਰਸਤਾ ਖੋਲ੍ਹ ਦਿੱਤਾ ਹੈ। 6 ਸਾਲ ਪੂਰੇ ਹੋਣ 'ਤੇ ਉਹ ਬ੍ਰਿਟੇਨ ਦੀ ਨਾਗਰਿਕਤਾ ਲਈ ਐਪਲੀਕੇਸ਼ਨ ਦੇ ਸਕਦੇ ਹਨ। ਚੀਨ ਨੇ ਬ੍ਰਿਟੇਨ ਦੇ ਹਾਂਗਕਾਂਗ ਦੇ ਲੋਕਾਂ ਨੂੰ ਬ੍ਰਿਟੇਨ ਵਿਚ ਵਸਾਉਣ ਦੇ ਫੈਸਲੇ ਸਬੰਧੀ ਵੀ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਚੀਨੀ ਬੁਲਾਰੇ ਨੇ ਕਿਹਾ,''ਇਹ ਉਹਨਾਂ ਦੀਆਂ ਆਪਣੀਆਂ ਵਚਨਬੱਧਤਾਵਾਂ, ਅੰਤਰਰਾਸ਼ਟਰੀ ਕਾਨੂੰਨਾਂ ਅਤੇ ਅੰਤਰਰਾਸ਼ਟਰੀ ਸੰਬੰਧਾਂ ਦੇ ਮੂਲ ਨਿਯਮਾਂ ਦੀ ਗੰਭੀਰ ਉਲੰਘਣਾ ਹੈ। ਚੀਨ ਇਸ ਦੀ ਨਿੰਦਾ ਕਰਦਾ ਹੈ ਅਤੇ ਇਸ ਦੇ ਵਿਰੁੱਧ ਅੱਗੇ ਕਦਮ ਚੁੱਕਣ ਦਾ ਪੂਰਾ ਅਧਿਕਾਰ ਰੱਖਦਾ ਹੈ, ਜਿਸ ਦੇ ਨਤੀਜੇ ਬ੍ਰਿਟੇਨ ਨੂੰ ਵੀ ਭੁਗਤਣੇ ਪੈਣਗੇ।''


author

Vandana

Content Editor

Related News