ਹੁਣ ਚੀਨ ਵੀ ਈ-ਸਿਗਰਟ ''ਤੇ ਲਗਾਏਗਾ ਪਾਬੰਦੀ

09/24/2019 3:26:23 PM

ਬੀਜਿੰਗ (ਬਿਊਰੋ)— ਅਮਰੀਕਾ ਅਤੇ ਭਾਰਤ ਦੇ ਬਾਅਦ ਹੁਣ ਚੀਨ ਵੀ ਈ-ਸਿਗਰਟ 'ਤੇ ਪਾਬੰਦੀ ਲਗਾਉਣ ਦੀ ਤਿਆਰੀ ਵਿਚ ਹੈ। ਚੀਨ ਦੀ ਇਕ ਸਮਾਚਾਰ ਏਜੰਸੀ ਮੁਤਾਬਕ ਦੇਸ਼ ਇਲੈਕਟ੍ਰੋਨਿਕ ਸਿਗਰਟ ਵਿਚ ਵਰਤੇ ਜਾਣ ਵਾਲੇ ਤਰਲ ਪਦਾਰਥ ਅਤੇ ਹੋਰ ਚੀਜ਼ਾਂ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਚੀਨ ਨੇ ਇਹ ਫੈਸਲਾ ਈ-ਸਿਗਰਟ ਕਾਰਨ ਹੋਣ ਵਾਲੀਆਂ ਬੀਮਾਰੀਆਂ ਅਤੇ ਮੌਤਾਂ ਨੂੰ ਲੈ ਕੇ ਜ਼ਾਹਰ ਕੀਤੀ ਚਿੰਤਾ ਕਾਰਨ ਲਿਆ ਹੈ। ਜਾਣਕਾਰੀ ਮੁਤਾਬਕ ਇਸ ਸੰਬੰਧੀ ਨਿਯਮ ਅਗਲੇ ਮਹੀਨੇ ਤੱਕ ਜਾਰੀ ਕਰ ਦਿੱਤਾ ਜਾਵੇਗਾ ਪਰ ਹੁਣ ਤੱਕ ਇਸ ਗੱਲ ਦੇ ਕੋਈ ਸੰਕੇਤ ਨਹੀਂ ਦਿੱਤੇ ਗਏ ਹਨ ਕਿ ਇਸ 'ਤੇ ਕਿਸ ਤਰ੍ਹਾਂ ਦੀਆਂ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

ਜਾਣੋ ਈ-ਸਿਗਰਟ ਦੇ ਬਾਰੇ 'ਚ
ਈ-ਸਿਗਰਟ ਨੂੰ ਆਮਤੌਰ 'ਤੇ ਸਿਗਰਟ ਦੇ ਵਿਕਲਪ ਦੇ ਰੂਪ ਵਿਚ ਦੇਖਿਆ ਜਾਂਦਾ ਹੈ। ਇਹ ਇਕ ਤਰ੍ਹਾਂ ਦਾ ਇਲੈਕਟ੍ਰੋਨਿਕ ਇਨਹੇਲਰ ਹੈ, ਜਿਸ ਵਿਚ ਨਿਕੋਟੀਨ ਅਤੇ ਹੋਰ ਕੈਮੀਕਲ ਯੁਕਤ ਤਰਲ ਭਰਿਆ ਜਾਂਦਾ ਹੈ। ਇਹ ਇਨਹੇਲਰ ਬੈਟਰੀ ਦੀ ਊਰਜਾ ਨਾਲ ਇਸ ਤਰਲ ਨੂੰ ਭਾਫ ਵਿਚ ਬਦਲ ਦਿੰਦਾ ਹੈ ਅਤੇ ਇਸ ਨੂੰ ਪੀਣ ਵਾਲੇ ਨੂੰ ਸਿਗਰਟ ਪੀਣ ਜਿਹਾ ਅਹਿਸਾਸ ਹੁੰਦਾ ਹੈ। 

ਮੰਨਿਆ ਜਾਂਦਾ ਹੈ ਕਿ ਇਸ ਨਾਲ ਸਿਗਰਟ ਛੱਡਣ ਵਿਚ ਆਸਾਨੀ ਹੁੰਦੀ ਹੈ ਪਰ ਅਧਿਐਨ ਵਿਚ ਖੁਲਾਸਾ ਹੋਇਆ ਹੈ ਕਿ ਇਸ ਨਾਲ ਸਿਗਰਟ ਦੀ ਆਦਤ ਨੂੰ ਵਧਾਵਾ ਮਿਲਦਾ ਹੈ ਅਤੇ ਇਹ ਉਨ੍ਹਾਂ ਹੀ ਖਤਰਨਾਕ ਹੁੰਦਾ ਹੈ। ਅਧਿਐਨ ਮੁਤਾਬਕ ਇਹ ਅਸਥਮਾ ਸਮੇਤ ਕਈ ਦੂਜੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ।


Vandana

Content Editor

Related News