ਕੋਰੋਨਾਵਾਇਰਸ ਨਾਲ ਨਜਿੱਠਣ ਲਈ ਚੀਨ ਨੇ ਅਮਰੀਕਾ ਤੋਂ ਮੰਗੀ ਮਦਦ

02/04/2020 1:07:10 PM

ਬੀਜਿੰਗ/ਵਾਸ਼ਿੰਗਟਨ (ਬਿਊਰੋ): ਚੀਨ ਵਿਚ ਜਾਨਲੇਵਾ ਕੋਰੋਨਾਵਾਇਰਸ ਨਾਲ ਹੁਣ ਤੱਕ 425 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਇਹ ਮਹਾਮਾਰੀ ਦਾ ਰੂਪ ਲੈ ਚੁੱਕਾ ਹੈ। ਅਜਿਹੇ ਵਿਚ ਚੀਨ ਇਸ ਵਾਇਰਸ ਨਾਲ ਜਲਦੀ ਤੋਂ ਜਲਦੀ ਨਜਿੱਠਣ ਲਈ ਅਮਰੀਕਾ ਤੋਂ ਮਦਦ ਦੀ ਆਸ ਕਰ ਰਿਹਾ ਹੈ। ਸਾਊਥ ਚੀਨ ਪੋਸਟ ਦੇ ਮੁਤਾਬਕ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਹੁਆ ਚੁਨਯਿੰਗ ਨੇ ਮੰਗਲਵਾਰ ਨੂੰ ਕਿਹਾ,''ਚੀਨ ਨੂੰ ਪਤਾ ਹੈ ਕਿ ਅਮਰੀਕਾ ਨੇ ਕਈ ਵਾਰ ਉਸ ਦੀ ਮਦਦ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਸਾਨੂੰ ਆਸ ਹੈ ਕਿ ਇਸ ਵਾਇਰਸ ਨਾਲ ਨਜਿੱਠਣ ਲਈ ਅਮਰੀਕਾ ਸਾਡੀ ਹਰ ਸੰਭਵ ਮਦਦ ਕਰੇਗਾ।'' 

ਚੁਨਯਿੰਗ ਨੇ ਕਿਹਾ,''ਚੀਨ ਸਰਕਾਰ ਅਤੇ ਉਸ ਦੇ ਨਾਗਰਿਕ ਮਿਲ ਕੇ ਇਸ ਜਾਨਲੇਵਾ ਕੋਰੋਨਾਵਾਇਰਸ ਨਾਲ ਨਜਿੱਠਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਅਸੀਂ ਇਸ ਬੀਮਾਰੀ ਦੇ ਫੈਲਣ 'ਤੇ ਪੂਰੀ ਤਰ੍ਹਾਂ ਰੋਕ ਲਗਾਉਣ ਲਈ ਫੈਸਲਾਕੁੰਨ ਅਤੇ ਪ੍ਰਭਾਵੀ ਕਦਮ ਚੁੱਕੇ ਹਨ। ਸਾਡੀਆਂ ਰੋਕਥਾਮ ਅਤੇ ਕੰਟਰੋਲ ਦੀਆਂ ਕੋਸ਼ਿਸ਼ਾਂ ਹੌਲੀ-ਹੌਲੀ ਨਤੀਜੇ ਦੇ ਰਹੀਆਂ ਹਨ।'' ਉਹਨਾਂ ਨੇ ਕਿਹਾ,''ਅਮਰੀਕਾ ਨੂੰ ਜ਼ਿਆਦਾ ਪ੍ਰਤਿਕਿਰਿਆ ਦੇਣ ਤੋਂ ਬਚਣਾ ਚਾਹੀਦਾ ਹੈ। ਇਸ ਸਥਿਤੀ ਵਿਚ ਉਸ ਨੂੰ ਸ਼ਾਂਤ ਅਤੇ ਉਦੇਸ਼ਪੂਰਨ ਤਰੀਕੇ ਨਾਲ ਚੀਨ ਦੀ ਮਦਦ ਕਰਨੀ ਚਾਹੀਦੀ ਹੈ। ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਰੋਕਣ ਦੇ ਲਈ ਅਮਰੀਕਾ ਨੂੰ ਚੀਨ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੀਦਾ ਹੈ।'' 

ਇਸ ਤੋਂ ਪਹਿਲਾਂ ਸੋਮਵਾਰ ਨੂੰ ਅਮਰੀਕਾ ਵੱਲੋਂ ਚੀਨ ਦੇ ਯਾਤਰੀਆਂ 'ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਵਿਰੁੱਧ ਚੀਨ ਨੇ ਸਖਤ ਬਿਆਨ ਦਿੰਦੇ ਹੋਏ ਅਮਰੀਕਾ 'ਤੇ ਮਦਦ ਨਾ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਸੀ ਕਿ ਅਮਰੀਕਾ ਮਦਦ ਦੀ ਬਜਾਏ ਦੁਨੀਆ ਵਿਚ ਦਹਿਸ਼ਤ ਦਾ ਮਾਹੌਲ ਬਣਾ ਰਿਹਾ ਹੈ। ਇਸ ਮਾਮਲੇ ਵਿਚ ਵ੍ਹਾਈਟ ਹਾਊਸ ਦੇ ਆਰਥਿਕ ਸਲਾਹਕਾਰ ਲੈਰੀ ਕੁਡਲੋ ਨੇ ਵੀ ਕਿਹਾ ਸੀ ਕਿ ਚੀਨ ਵਿਚ ਅਮਰੀਕੀ ਸਿਹਤ ਮਾਹਰਾਂ ਨੂੰ ਦੇਸ਼ ਵਿਚ ਮਦਦ ਕਰਨ ਦੀ ਇਜਾਜ਼ਤ ਦੇਣ 'ਤੇ ਸਹਿਮਤੀ ਜ਼ਾਹਰ ਕੀਤੀ ਹੈ ਪਰ ਚੀਨ ਨੇ ਬਹੁਤ ਹੀ ਸੰਖੇਪ ਪ੍ਰਤੀਕਿਰਿਆ ਦਿੱਤੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਭਾਵੇਂਕਿ ਕਿਹਾ,''ਅਮਰੀਕਾ ਨੇ ਚੀਨ ਨੂੰ ਮਦਦ ਦੇਣ ਲਈ ਆਪਣੀ ਤਿਆਰੀ ਨੂੰ ਦੁਹਰਾਇਆ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਸਬੰਧਤ ਮਦਦ ਜਲਦੀ ਤੋਂ ਜਲਦੀ ਪਹੁੰਚੇਗੀ।'' 

ਗੌਰਤਲਬ ਹੈ ਕਿ ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 425 ਹੋ ਚੁੱਕੀ ਹੈ ਅਤੇ 20,438 ਲੋਕਾਂ ਵਿਚ ਇਸ ਇਨਫੈਕਸ਼ਨ ਦੇ ਪਾਏ ਜਾਣ ਦੀ ਪੁਸ਼ਟੀ ਹੋਈ ਹੈ। ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਬੀਤੇ ਸਾਲ ਦਸੰਬਰ ਵਿਚ ਵੁਹਾਨ ਵਿਚ ਸਾਹਮਣੇ ਆਇਆ ਸੀ। ਮੌਜੂਦਾ ਸਮੇਂ ਵਿਚ ਭਾਰਤ ਸਮੇਤ ਦੁਨੀਆ ਦੇ 26 ਤੋਂ ਵੱਧ ਦੇਸ਼ਾਂ ਵਿਚ ਇਹ ਇਨਫੈਕਸ਼ਨ ਫੈਲ ਚੁੱਕਾ ਹੈ।


Vandana

Content Editor

Related News