ਅਮਰੀਕਾ ਦੇ ਦਬਾਅ ਨਾਲ ਬੌਖਲਾਇਆ ਚੀਨ, ਕਿਹਾ-ਟੱਕਰ ਹੋਈ ਤਾਂ ਡਰਾਂਗੇ ਨਹੀਂ, ਅੰਤ ਤੱਕ ਲੜਾਂਗੇ

Monday, Dec 20, 2021 - 11:19 PM (IST)

ਅਮਰੀਕਾ ਦੇ ਦਬਾਅ ਨਾਲ ਬੌਖਲਾਇਆ ਚੀਨ, ਕਿਹਾ-ਟੱਕਰ ਹੋਈ ਤਾਂ ਡਰਾਂਗੇ ਨਹੀਂ, ਅੰਤ ਤੱਕ ਲੜਾਂਗੇ

ਬੀਜਿੰਗ : ਅਮਰੀਕਾ ਨਾਲ ਵਧਦੇ ਤਣਾਅ ਦਰਮਿਆਨ ਚੀਨ ਦਾ ਭੜਕਾਊ ਬਿਆਨ ਸਾਹਮਣੇ ਆਇਆ ਹੈ। ਦਰਅਸਲ, ਕੋਰੋਨਾ ਮਹਾਮਾਰੀ ਦੀ ਸ਼ੁਰੂਆਤ, ਵਪਾਰ, ਮਨੁੱਖੀ ਅਧਿਕਾਰਾਂ ਅਤੇ ਤਾਈਵਾਨ 'ਤੇ ਅਮਰੀਕਾ ਦੇ ਵਧਦੇ ਦਬਾਅ ਤੋਂ ਬਾਅਦ ਚੀਨ ਦੀ ਬੌਖਲਾਹਟ ਸਾਹਮਣੇ ਆ ਰਹੀ ਹੈ। ਸੰਯੁਕਤ ਰਾਸ਼ਟਰ ਨੂੰ ਲੈ ਕੇ ਵੀ ਚੀਨ ਦਾ ਰਵੱਈਆ ਬਦਲ ਗਿਆ ਹੈ। ਸੋਮਵਾਰ ਨੂੰ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ, ‘‘ਜੇਕਰ ਦੋਹਾਂ ਦੇਸ਼ਾਂ ਵਿਚਾਲੇ ਟਕਰਾਅ ਹੁੰਦਾ ਹੈ ਤਾਂ ਚੀਨ ਇਸ ਤੋਂ ਡਰੇਗਾ ਨਹੀਂ ਅਤੇ ਅੰਤ ਤੱਕ ਲੜੇਗਾ।’’ ਵਾਂਗ ਨੇ ਕਿਹਾ ਕਿ ਮੁਕਾਬਲੇ ਵਿਚ ‘‘ਕੋਈ ਨੁਕਸਾਨ ਨਹੀਂ ਹੈ’’ ਪਰ ਇਹ "ਸਾਕਾਰਾਤਮਕ" ਹੋਣਾ ਚਾਹੀਦਾ ਹੈ। ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਕਿ ਚੀਨ ਅਮਰੀਕਾ ਨਾਲ ਟਕਰਾਅ ਤੋਂ ਨਹੀਂ ਡਰੇਗਾ ਪਰ ਜੇਕਰ ਇਹ ਆਪਸੀ ਲਾਭਦਾਇਕ ਹੈ ਤਾਂ ਸਹਿਯੋਗ ਦਾ ਸਵਾਗਤ ਕਰੇਗਾ। ਵਿਦੇਸ਼ ਵਿਭਾਗ ਦੀ ਵੈੱਬਸਾਈਟ ’ਤੇ ਪੋਸਟ ਕੀਤੇ ਗਏ ਇਕ ਭਾਸ਼ਣ ’ਚ ਉਨ੍ਹਾਂ ਕਿਹਾ ਕਿ ਅਮਰੀਕਾ-ਚੀਨ ਸਬੰਧਾਂ 'ਚ ਮੁਸ਼ਕਲਾਂ ਅਮਰੀਕੀ ਪੱਖ ਵੱਲੋਂ ਲਏ ਗਏ ਗਲਤ ਸਿਆਸੀ ਫੈਸਲਿਆਂ ਕਾਰਨ ਆਈਆਂ ਹਨ।

ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਇਕ ਕਾਲ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਲੈ ਕੇ ਆਪਣੇ ਹਮਰੁਤਬਾ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ 'ਤੇ ਦਬਾਅ ਪਾਇਆ ਸੀ। ਜਦਕਿ ਜਵਾਬ ’ਚ ਸ਼ੀ ਨੇ ਚਿਤਾਵਨੀ ਦਿੱਤੀ ਕਿ ਚੀਨ ਤਾਈਵਾਨ ’ਤੇ ਭੜਕਾਹਟ ਨੂੰ ਬਰਦਾਸ਼ਤ ਨਹੀਂ ਕਰੇਗਾ ਅਤੇ ਜਵਾਬ ਦੇਵੇਗਾ। ਦੋਵਾਂ ਸਿਖਰਲੇ ਨੇਤਾਵਾਂ ਵਿਚਾਲੇ ਕਰੀਬ ਤਿੰਨ ਘੰਟੇ ਤੱਕ ਗੱਲਬਾਤ ਚੱਲੀ। ਇਸ ਦੇ ਨਾਲ ਹੀ ਅਮਰੀਕੀ ਸੈਨੇਟ ਨੇ ਵੀਰਵਾਰ ਚੀਨ ਦੇ ਸ਼ਿਨਜਿਆਂਗ ਖੇਤਰ ਤੋਂ ਦਰਾਮਦ ’ਤੇ ਪਾਬੰਦੀ ਲਗਾਉਣ ਲਈ ਕਾਨੂੰਨ ਪਾਸ ਕੀਤਾ। ਚੀਨ ’ਚ ਜਬਰੀ ਮਜ਼ਦੂਰੀ, ਬੀਜਿੰਗ 'ਚ ਉਈਗਰ ਮੁਸਲਿਮ ਘੱਟਗਿਣਤੀ 'ਤੇ ਅੱਤਿਆਚਾਰ ਤੋਂ ਬਾਅਦ ਅਮਰੀਕਾ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। ਹਾਲਾਂਕਿ, ਚੀਨ ਨੇ ਸ਼ਿਨਜਿਆਂਗ ’ਚ ਅਧਿਕਾਰਾਂ ਦੀ ਉਲੰਘਣਾ ਦੇ ਦੋਸ਼ਾਂ ਨੂੰ ਸਖਤੀ ਨਾਲ ਨਕਾਰ ਦਿੱਤਾ ਹੈ।
 


author

Manoj

Content Editor

Related News