ਚੀਨ ''ਚ ਸਾਹਮਣੇ ਆਏ ਕੋਰੋਨਾਵਾਇਰਸ ਦੇ 15 ਨਵੇਂ ਮਾਮਲੇ
Friday, May 15, 2020 - 06:23 PM (IST)
ਬੀਜਿੰਗ (ਭਾਸ਼ਾ): ਚੀਨ ਵਿਚ ਕੋਵਿਡ-19 ਦੇ 15 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹਨਾਂ ਵਿਚੋਂ 11 ਲੋਕਾਂ ਵਿਚ ਇਨਫੈਕਸ਼ਨ ਦੇ ਕੋਈ ਲੱਛਣ ਨਹੀਂ ਹਨ। ਇਹਨਾਂ ਨਵੇਂ ਮਾਮਲਿਆਂ ਦੇ ਨਾਲ ਚੀਨ ਵਿਚ ਇਨਫੈਕਟਿਡਾਂ ਦੀ ਗਿਣਤੀ 82,933 ਹੋ ਗਈ ਹੈ। ਸਿਹਤ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ (ਐੱਨ.ਐੱਚ.ਸੀ.) ਦੇ ਮੁਤਾਬਕ ਵੀਰਵਾਰ ਨੂੰ ਜਿਲਿਨ ਸੂਬੇ ਤੋਂ ਕੋਰੋਨਾਵਾਇਰਸ ਦੇ ਸਥਾਨਕ ਪ੍ਰਸਾਰ ਦੇ 4 ਨਵੇਂ ਪੁਸ਼ਟ ਮਾਮਲੇ ਸਾਹਮਣੇ ਆਏ। ਨਵੇਂ ਮਾਮਲਿਆਂ ਵਿਚ 11 ਵਿਚ ਇਨਫੈਕਸ਼ਨ ਦੇ ਲੱਛਣ ਨਹੀਂ ਹਨ ਜਿਸ ਦੇ ਨਾਲ ਹੀ ਬਿਨਾਂ ਲੱਛਣ ਵਾਲੇ ਮਾਮਲਿਆਂ ਦੀ ਗਿਣਤੀ 619 ਹੋ ਗਈ ਹੈ। ਇਸ ਵਿਚ ਵੁਹਾਨ ਦੇ 492 ਮਾਮਲੇ ਵੀ ਸ਼ਾਮਲ ਹਨ।
ਚੀਨ ਦਾ ਵੁਹਾਨ ਸ਼ਹਿਰ ਦੁਨੀਆ ਵਿਚ ਕੋਰੋਨਾਵਾਇਰਸ ਦਾ ਪਹਿਲਾ ਕੇਂਦਰ ਹੈ। ਚੀਨ ਨੇ ਪਹਿਲਾਂ ਤੋਂ ਹੀ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਜਿਲਿਨ ਸ਼ਹਿਰ ਵਿਚ ਸਖਤ ਉਪਾਅ ਕੀਤੇ ਹਨ। ਸਥਾਨਕ ਸਿਹਤ ਕਮਿਸ਼ਨ ਦੇ ਮੁਤਾਬਕ ਵੁਹਾਨ ਵਿਚ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ। ਇਸ ਹਫਤੇ ਦੇ ਸ਼ੁਰੂ ਵਿਚ ਵੁਹਾਨ ਵਿਚ 6 ਨਵੇਂ ਪੁਸ਼ਟ ਮਾਮਲੇ ਸਾਹਮਣੇ ਆਏ ਸਨ ਜਿਸ ਦੇ ਬਾਅਦ ਸਰਕਾਰ ਨੇ 1.1 ਕਰੋੜ ਤੋਂ ਵਧੇਰੇ ਦੀ ਆਬਾਦੀ ਵਾਲੇ ਇਸ ਸ਼ਹਿਰ ਵਿਚ ਵੱਡੇ ਪੱਧਰ 'ਤੇ ਜਾਂਚ ਮੁਹਿੰਮ ਸ਼ੁਰੂ ਕੀਤੀ। ਵੁਹਾਨ ਵਿਚ ਮਹਾਮਾਰੀ ਦੀ ਇਕ ਦੂਜੀ ਲਹਿਰ ਆਉਣ ਦਾ ਖਦਸ਼ਾ ਹੈ ਕਿਉਂਕਿ ਇੱਥੇ ਬਿਨਾਂ ਲੱਛਣ ਵਾਲੇ 492 ਮਾਮਲੇ ਸਾਹਮਣੇ ਆ ਚੁੱਕੇ ਹਨ। ਐੱਨ.ਐੱਚ.ਸੀ. ਨੇ ਕਿਹਾ ਕਿ ਬਿਨਾਂ ਲੱਛਣ ਵਾਲੇ 619 ਮਰੀਜ਼ਾਂ ਵਿਚੋਂ 35 ਅਜਿਹੇ ਹਨ ਜੋ ਵਿਦੇਸ਼ਾਂ ਤੋਂ ਆਏ ਹਨ ਅਤੇ ਜਿਹਨਾਂ ਨੂੰ ਮੈਡੀਕਲ ਨਿਗਰਾਨੀ ਵਿਚ ਰੱਖਿਆ ਗਿਆ ਹੈ।
ਪੜ੍ਹੋ ਇਹ ਅਹਿਮ ਖਬਰ- ਚੀਨ 'ਚ ਅਨੋਖਾ ਮਾਮਲਾ, ਬੱਚੇ ਜੁੜਵਾਂ ਪਰ ਪਿਤਾ ਵੱਖਰੇ
ਬਿਨਾਂ ਲੱਛਣ ਵਾਲੇ ਮਾਮਲਿਆਂ ਵਿਚ ਵਿਅਕਤੀ ਵਿਚ ਬੁਖਾਰ,ਖੰਘ ਜਾਂ ਗਲੇ ਵਿਚ ਖਾਰਸ਼ ਜਿਹੇ ਕੋਈ ਲੱਛਣ ਨਹੀਂ ਹੁੰਦੇ ਹਨ ਪਰ ਉਹ ਫਿਰ ਵੀ ਵਾਇਰਸ ਨਾਲ ਇਨਫੈਕਟਿਡ ਹੁੰਦੇ ਹਨ। ਅਜਿਹੇ ਮਰੀਜ਼ਾਂ ਨਾਲ ਬੀਮਾਰੀ ਦੇ ਦੂਜਿਆਂ ਤੱਕ ਫੈਲਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਗਿਰਾਵਟ ਦੇ ਬਾਅਦ ਚੀਨ ਨੇ ਦੇਸ਼ ਨੂੰ ਪੂਰੀ ਤਰ੍ਹਾਂ ਖੋਲ੍ਹ ਦਿੱਤਾ ਹੈ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਦੇ ਕਾਰੋਬਾਰ ਅਤੇ ਕਾਰਖਾਨੇ ਪੂਰੀ ਤਰ੍ਹਾਂ ਖੁੱਲ੍ਹ ਗਏ ਹਨ ਅਤੇ ਉਹਨਾਂ ਵਿਚ ਕੰਮ ਚਾਲੂ ਹੋ ਚੁੱਕਾ ਹੈ। ਫਿਲਹਾਲ ਚੀਨ ਵਿਚ ਕੋਵਿਡ-19 ਨਾਲ 4633 ਲੋਕਾਂ ਦੀ ਮੌਤ ਹੋਈ ਹੈ ਅਤੇ ਦੇਸ਼ ਵਿਚ ਇਨਫੈਕਸ਼ਨ ਦੇ ਹੁਣ ਤੱਕ 82,933 ਮਾਮਲਾ ਸਾਹਮਣੇ ਆਏ ਹਨ ਜਿਹਨਾਂ ਵਿਚੋਂ 91 ਮਰੀਜ਼ਾਂ ਦਾ ਇਲਾਜ ਹਾਲੇ ਵੀ ਚੱਲ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਜਾਣੋ ਵਿਸ਼ਵ 'ਚ ਤਬਾਹੀ ਮਚਾਉਣ ਵਾਲੀਆਂ ਬੀਮਾਰੀਆਂ ਦੇ 'ਜ਼ੀਰੋ ਪੇਸ਼ੰਟ' ਦੇ ਬਾਰੇ 'ਚ