ਗੁਫਾ 'ਚੋਂ ਬਚਾਏ ਗਏ ਬੱਚਿਆਂ ਨੂੰ ਅੱਜ ਮਿਲੇਗੀ ਹਸਪਤਾਲ ਤੋਂ ਛੁੱਟੀ

07/18/2018 1:08:30 PM

ਚਿਆਂਗ ਰਾਈ,(ਭਾਸ਼ਾ)— ਥਾਈਲੈਂਡ ਦੀ ਗੁਫਾ 'ਚੋਂ ਬਚਾਏ ਗਏ 12 ਬੱਚਿਆਂ ਅਤੇ ਉਨ੍ਹਾਂ ਦੇ ਫੁੱਟਬਾਲ ਕੋਚ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਜਾਵੇਗੀ ਅਤੇ ਉਹ ਪਹਿਲੀ ਵਾਰ ਮੀਡੀਆ ਨਾਲ ਗੱਲਬਾਤ ਕਰਨਗੇ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਫੁੱਟਬਾਲ ਟੀਮ ਨੂੰ ਨਿਰਧਾਰਤ ਤਰੀਕ ਤੋਂ ਇਕ ਦਿਨ ਪਹਿਲਾਂ ਛੁੱਟੀ ਦਿੱਤੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੂੰ ਉਮੀਦ ਹੈ ਕਿ ਘਰ ਜਾਣ ਤੋਂ ਪਹਿਲਾਂ ਉਹ ਪ੍ਰਸ਼ਨ-ਉੱਤਰਾਂ ਰਾਹੀਂ ਆਪਣੀਆਂ ਦਿਲਚਸਪ ਕਹਾਣੀਆਂ ਬਿਆਨ ਕਰਨਗੇ। 
ਥਾਈਲੈਂਡ ਦੇ ਮੁੱਖ ਸਰਕਾਰੀ ਬੁਲਾਰੇ ਨੇ ਦੱਸਿਆ,''ਅੱਜ ਸ਼ਾਮ ਸਮੇਂ ਪੱਤਰਕਾਰ ਸੰਮੇਲਨ ਆਯੋਜਿਤ ਕਰਨ ਦਾ ਕਾਰਨ ਇਹ ਹੈ ਕਿ ਮੀਡੀਆ ਫੁੱਟਬਾਲ ਟੀਮ ਤੋਂ ਸਵਾਲ ਕਰ ਸਕੇ ਜਿਸ ਤੋਂ ਬਾਅਦ ਉਹ ਸਾਧਾਰਣ ਜ਼ਿੰਦਗੀ ਜਿਊਣ ਲਈ ਵਾਪਸ ਜਾ ਸਕਣ ਅਤੇ ਫਿਰ ਉਨ੍ਹਾਂ ਤੋਂ ਸਵਾਲ-ਜਵਾਬ ਨਾ ਕੀਤੇ ਜਾ ਸਕਣ।'' ਹਾਲਾਂਕਿ ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਉੱਤਰੀ ਥਾਈਲੈਂਡ ਦੀ ਥਾਮ ਲੁਆਂਗ ਗੁਫਾ ਦੇ ਅੰਦਰ ਮੁਸ਼ਕਲ ਸਮਾਂ ਕੱਟਣ ਕਾਰਨ ਉਹ ਲੰਬੇ ਸਮੇਂ ਤਕ ਪ੍ਰੇਸ਼ਾਨ ਰਹਿ ਸਕਦੇ ਹਨ। ਚਿਆਂਗ ਰਾਈ ਸੂਬੇ 'ਚ ਜਨਸੰਪਰਕ ਵਿਭਾਗ ਨੇ ਪੱਤਰਕਾਰ ਸੰਮੇਲਨ ਤੋਂ ਪਹਿਲਾਂ ਪੱਤਰਕਾਰਾਂ ਤੋਂ ਉਨ੍ਹਾਂ ਦੇ ਪ੍ਰਸ਼ਨ ਮੰਗੇ ਹਨ ਅਤੇ ਉਨ੍ਹਾਂ ਨੂੰ ਜਾਂਚ ਲਈ ਮਨੋਵਿਗਿਆਨੀਆਂ ਕੋਲ ਭੇਜਿਆ ਜਾਵੇਗਾ।


Related News