ਕਈ ਘਰਾਂ 'ਚ ਸੱਥਰ ਵਿਛਾ ਗਿਆ ਭੂਚਾਲ, ਮਲਬੇ 'ਚੋਂ ਸੁਰੱਖਿਅਤ ਕੱਢੀ ਗਈ ਇਕ ਬੱਚੀ

09/21/2017 4:40:55 PM

ਮੈਕਸੀਕੋ— ਮੈਕਸੀਕੋ 'ਚ ਆਏ ਸ਼ਕਤੀਸ਼ਾਲੀ ਭੂਚਾਲ ਨੇ ਕਈ ਜ਼ਿੰਦਗੀਆਂ ਨੂੰ ਬਰਬਾਦ ਕਰ ਦਿੱਤਾ ਹੈ। ਕਿਸੇ ਦਾ ਬੱਚਾ ਤੇ ਕਿਸੇ ਦੇ ਮਾਂ-ਬਾਪ ਨੂੰ ਖਿੱਚ ਕੇ ਮੌਤ ਦੇ ਮੂੰਹ 'ਚ ਲੈ ਜਾਣ ਵਾਲਾ ਇਹ ਭੂਚਾਲ 32 ਸਾਲ ਪੁਰਾਣੇ ਦਰਦ ਨੂੰ ਫਿਰ ਤਾਜ਼ਾ ਕਰ ਗਿਆ। ਕਈ ਪਰਿਵਾਰਾਂ 'ਚ ਸੱਥਰ ਵਿਛਾ ਦੇਣ ਵਾਲੇ ਇਸ ਭੂਚਾਲ ਨੇ ਡੂੰਘੇ ਜ਼ਖਮ ਦਿੱਤੇ ਹਨ। ਅਜੇ ਵੀ ਬਚਾਅ ਕਾਰਜ ਚੱਲ ਰਿਹਾ ਹੈ ਤੇ ਘੱਟੋ-ਘੱਟ 248 ਲੋਕਾਂ ਦੀ ਮੌਤ ਹੋਣ ਦੀ ਖਬਰ ਆਈ ਹੈ। ਇੱਥੋਂ ਦੇ ਰੈਬਸਾਮੈਨ ਸਕੂਲ ਦੀ 3 ਮੰਜ਼ਲਾਂ ਇਮਾਰਤ ਢਹਿ ਜਾਣ ਕਾਰਨ ਇਸ 'ਚ ਕਈ ਵਿਦਿਆਰਥੀ ਤੇ ਅਧਿਆਪਕ ਦੱਬ ਗਏ। ਸਕੂਲ 'ਚ 21 ਬੱਚਿਆਂ ਦੀ ਮੌਤ ਹੋ ਗਈ ਅਤੇ ਇਕ ਬੱਚੀ ਨੂੰ ਸੁਰੱਖਿਅਤ ਬਚਾਇਆ ਗਿਆ ਹੈ। 

PunjabKesari
ਬਚਾਅ ਕਰਮਚਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਇਕ ਬੱਚੀ ਦੇ ਮਦਦ ਮੰਗਣ ਦੀ ਆਵਾਜ਼ ਸੁਣਾਈ ਦਿੱਤੀ ਪਰ ਉਹ ਸਮਝ ਨਹੀਂ ਪਾ ਰਹੇ ਸਨ ਕਿ ਆਵਾਜ਼ ਕਿੱਥੋਂ ਆ ਰਹੀ ਸੀ। ਉਨ੍ਹਾਂ ਬੱਚੀ ਨੂੰ ਕਿਹਾ ਕਿ ਜੇਕਰ ਉਹ ਉਨ੍ਹਾਂ ਨੂੰ ਸੁਣ ਰਹੀ ਹੈ ਤਾਂ ਹੱਥ ਹਿਲਾਵੇ, ਤੇ ਉਸ ਨੇ ਅਜਿਹਾ ਹੀ ਕੀਤਾ। ਸਰਚ ਆਪਰੇਸ਼ਨ 'ਚ ਸ਼ਾਮਿਲ ਕੁੱਤੇ ਨੇ ਮਲਬੇ 'ਚ ਜਾ ਕੇ ਜਾਂਚ ਕੀਤੀ ਤੇ ਅਧਿਕਾਰੀਆਂ ਨੂੰ ਸਮਝਾਇਆ ਕਿ ਬੱਚੀ ਜਿਊਂਦੀ ਹੈ। ਲੋਕਾਂ ਨੇ ਹੌਲੀ-ਹੌਲੀ ਮਲਬਾ ਚੁੱਕ ਕੇ ਇਸ ਵਿਦਿਆਰਥਣ ਨੂੰ ਬਾਹਰ ਕੱਢਿਆ। ਬੱਚੀ ਬਹੁਤ ਡਰ ਗਈ ਸੀ ਪਰ ਉਸ ਦੇ ਸੁਰੱਖਿਅਤ ਬਚਣ ਨਾਲ ਉਸ ਦੇ ਪਰਿਵਾਰ ਨੇ ਖੁਸ਼ੀ ਪ੍ਰਗਟ ਕੀਤੀ। ਬਚਾਅ ਅਧਿਕਾਰੀਆਂ ਦੇ ਨਾਲ ਹਰ ਕੋਈ ਮਦਦ ਲਈ ਲੱਗਾ ਹੋਇਆ ਹੈ। ਡਾਕਟਰ, ਅਧਿਆਪਕ, ਵਕੀਲ ਅਤੇ ਹੋਰ ਵੀ ਕਈ ਲੋਕ ਬਚਾਅ ਕਰਮਚਾਰੀਆਂ ਨਾਲ ਬਾਲਟੀਆਂ 'ਚ ਮਲਬਾ ਢੋਅ ਰਹੇ ਹਨ। ਕਈ ਘਰਾਂ ਦੀਆਂ ਇਮਾਰਤਾਂ ਢਹਿ ਗਈਆਂ ਹਨ। ਬਚਾਅ ਕਰਮਚਾਰੀਆਂ ਨੇ ਕਿਹਾ ਕਿ ਜਦ ਇਕ ਕਮਰੇ 'ਚ ਉਹ ਮਲਬਾ ਚੁੱਕ ਕੇ ਪੁੱਜੇ ਉੱਥੇ ਉਨ੍ਹਾਂ ਨੂੰ ਟੁੱਟੇ ਹੋਏ ਲੱਕੜ ਦੇ ਬੈਂਚ ਤੇ ਕੁਰਸੀਆਂ ਮਿਲੀਆਂ ਫਿਰ ਇੱਥੇ ਉਨ੍ਹਾਂ ਨੂੰ ਇਕ ਕੁੜੀ ਦੀ ਲੱਤ ਦਿਖਾਈ ਦਿਤੀ ਤੇ ਜਾਂਚ ਮਗਰੋਂ ਇਕ ਕੁੜੀ, ਔਰਤ ਤੇ ਵਿਅਕਤੀ ਨੂੰ ਕੱਢਿਆ ਗਿਆ। ਮਲਬੇ ਹੇਠੋਂ ਦੋ ਛੋਟੇ ਬੱਚਿਆਂ ਦੀਆਂ ਲਾਸ਼ਾਂ ਵੀ ਕੱਢੀਆਂ ਗਈਆਂ। ਅਜੇ ਵੀ ਕਈ ਲੋਕ ਲਾਪਤਾ ਹਨ ਤੇ ਮਲਬੇ ਹਟਾਇਆ ਜਾ ਰਿਹਾ ਹੈ। ਮੈਕਸੀਕੋ ਦੇ ਰਾਸ਼ਟਰਪਤੀ ਵੀ ਉੱਥੋਂ ਦੇ ਹਾਲਾਤਾਂ ਦੀ ਜਾਣਕਾਰੀ ਲੈ ਰਹੇ ਹਨ।


Related News