ਦੋਸ਼ੀ ਦੀ ਅਦਾਲਤ ’ਚ ਗ਼ੈਰ-ਹਾਜ਼ਰੀ ’ਤੇ ਚੀਫ਼ ਜਸਟਿਸ ਵੱਲੋਂ ਇਮਰਾਨ ਨੂੰ ਤਲਬ ਕਰਨ ਦੀ ਚਿਤਾਵਨੀ
Tuesday, Jan 04, 2022 - 06:57 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਚੀਫ਼ ਜਸਟਿਸ ਗੁਲਜ਼ਾਰ ਅਹਿਮਦ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਇਕ ਕੈਦੀ ਨੂੰ ਹਿਰਾਸਤ ਕੇਂਦਰ ਤੋਂ ਸੁਪਰੀਮ ਕੋਰਟ ’ਚ ਪੇਸ਼ ਨਹੀਂ ਕੀਤਾ ਜਾਂਦਾ ਹੈ ਤਾਂ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਤਲਬ ਕੀਤਾ ਜਾਵੇਗਾ। ਮੰਗਲਵਾਰ ਨੂੰ ਮੀਡੀਆ ’ਚ ਆਈਆਂ ਖ਼ਬਰਾਂ ’ਚ ਇਹ ਗੱਲ ਕਹੀ ਗਈ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖਬਾਰ ਦੀ ਖ਼ਬਰ ਮੁਤਾਬਕ ਚੀਫ਼ ਜਸਟਿਸ ਅਹਿਮਦ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਅਫ਼ਗਾਨਿਸਤਾਨ ਸਰਹੱਦ ਨੇੜੇ ਫ਼ੌਜੀ ਕੈਂਪ ’ਤੇ ਹਮਲਾ ਕਰਨ ਦੇ ਦੋਸ਼ੀ ਆਰਿਫ਼ ਗੁਲ ਦੀ ਹਿਰਾਸਤ ਖ਼ਿਲਾਫ ਇਕ ਮਾਮਲੇ ਦੀ ਸੁਣਵਾਈ ਦੌਰਾਨ ਇਹ ਗੱਲ ਕਹੀ। ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜੇ ਗੁਲ ਨੂੰ ਨਜ਼ਰਬੰਦੀ ਕੇਂਦਰ ਤੋਂ ਅਦਾਲਤ ’ਚ ਪੇਸ਼ ਨਹੀਂ ਕੀਤਾ ਗਿਆ ਤਾਂ ਉਹ (ਸੁਪਰੀਮ ਕੋਰਟ) ਪ੍ਰਧਾਨ ਮੰਤਰੀ ਨੂੰ ਤਲਬ ਕਰੇਗੀ। ਚੀਫ਼ ਜਸਟਿਸ ਨੇ ਜਦੋਂ ਐਡੀਸ਼ਨਲ ਅਟਾਰਨੀ ਜਨਰਲ ਨੂੰ ਪੁੱਛਿਆ ਕਿ ਕੀ ਉਹ ਮੁਲਜ਼ਮਾਂ ਨੂੰ ਲੈ ਕੇ ਆਏ ਹਨ ਤਾਂ ਉਨ੍ਹਾਂ (ਐਡੀਸ਼ਨਲ ਅਟਾਰਨੀ ਜਨਰਲ) ਨੇ ਜਵਾਬ ਦਿੱਤਾ, ‘‘ਆਰਿਫ਼ ਗੁਲ ਹਿਰਾਸਤ ਕੇਂਦਰ ’ਚ ਹੈ ਅਤੇ ਉਸ ਨੂੰ ਲਿਆਉਣਾ ਮੁਸ਼ਕਿਲ ਹੈ।’’
ਇਸ ’ਤੇ ਚੀਫ ਜਸਟਿਸ ਨੇ ਕਿਹਾ, ‘‘ਜੇਕਰ ਉਸ ਨੂੰ ਪੇਸ਼ ਨਹੀਂ ਕੀਤਾ ਜਾਂਦਾ ਤਾਂ ਅਦਾਲਤਾਂ ਨੂੰ ਸੀਲ ਕਰ ਦਿਓ। ਅਦਾਲਤ ਕੋਲ ਲੀਡਰਸ਼ਿਪ ਨੂੰ ਤਲਬ ਕਰਨ ਦੀ ਤਾਕਤ ਹੈ। ਉਨ੍ਹਾਂ ਕਿਹਾ ਕਿ ਗੁਲ ਦੀ ਨਾਗਰਿਕਤਾ ਦੇ ਮੁੱਦੇ ਦਾ ਹੱਲ ਕਿਉਂ ਨਹੀਂ ਕੀਤਾ ਗਿਆ ਹੈ? ਇਹ ਵਿਸ਼ਾ 2010 ਤੋਂ ਜਾਂਚ ਦੇ ਅਧੀਨ ਹੈ। ਬੈਂਚ ’ਚ ਸ਼ਾਮਲ ਜਸਟਿਸ ਜਮਾਲ ਮੰਡੋਖੇਲ ਨੇ ਕਿਹਾ, “ਆਰਿਫ ਗੁੱਲ ਨੂੰ ਜਿਸ ਕਾਨੂੰਨ ਦੇ ਤਹਿਤ ਹਿਰਾਸਤ ਕੇਂਦਰ ’ਚ ਰੱਖਿਆ ਗਿਆ ਹੈ, ਕੀ ਉਹ ਜਾਇਜ਼ ਹੈ?’’ ਉਨ੍ਹਾਂ ਕਿਹਾ ਕਿ ਐੱਫ. ਏ. ਟੀ. ਏ. ਦਾ ਹੁਣ ਖੈਬਰ ਪਖਤੂਨਖਵਾ ’ਚ ਰਲੇਵਾਂ ਕਰ ਦਿੱਤਾ ਗਿਆ ਹੈ। ਖੈਬਰ ਪਖਤੂਨਖਵਾ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਦੋਸ਼ੀ ਨੂੰ ਸੋਮਵਾਰ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ। ਇਸ ਤੋਂ ਬਾਅਦ ਅਦਾਲਤ ਨੇ ਮਾਮਲੇ ਦੀ ਸੁਣਵਾਈ ਮੰਗਲਵਾਰ ਤੱਕ ਲਈ ਮੁਲਤਵੀ ਕਰ ਦਿੱਤੀ।