ਕੀਮੋਥੈਰੇਪੀ ਨਾਲ ਬੱਚਿਆਂ, ਪੋਤਿਆਂ/ਦੋਹਤਿਆਂ 'ਚ ਵੱਧ ਸਕਦੇ ਕੈਂਸਰ ਦਾ ਜੋਖਮ : ਅਧਿਐਨ
Tuesday, Nov 29, 2022 - 06:05 PM (IST)
ਵਾਸ਼ਿੰਗਟਨ (ਭਾਸ਼ਾ)- ਕੀਮੋਥੈਰੇਪੀ ਵਾਲੀ ਆਮ ਦਵਾਈ ਬਾਲਗ ਕੈਂਸਰ ਪੀੜਤਾਂ ਦੇ ਬੱਚਿਆਂ ਅਤੇ ਪੋਤਿਆਂ/ਦੋਹਤਿਆਂ ਵਿੱਚ ਬਿਮਾਰੀ ਦੇ ਖ਼ਤਰੇ ਨੂੰ ਵਧਾ ਸਕਦੀ ਹੈ। ਚੂਹਿਆਂ 'ਤੇ ਕੀਤੇ ਗਏ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। 'iScience' ਜਰਨਲ 'ਚ ਪ੍ਰਕਾਸ਼ਿਤ ਅਧਿਐਨ 'ਚ ਪਾਇਆ ਗਿਆ ਕਿ ਅੱਲ੍ਹੜ ਉਮਰ 'ਚ ਆਈਫੋਸਫੈਮਾਈਡ ਦਵਾਈ ਲੈਣ ਵਾਲੇ ਨਰ ਚੂਹਿਆਂ ਦੇ ਬੱਚਿਆਂ ਅਤੇ ਉਹਨਾਂ ਦੇ ਅੱਗੇ ਹੋਣ ਵਾਲੇ ਬੱਚਿਆਂ 'ਚ ਇਸ ਬੀਮਾਰੀ ਦੀ ਸੰਭਾਵਨਾ ਵਧ ਗਈ।
ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਤੋਂ ਅਧਿਐਨ ਲੇਖਕ ਮਾਈਕਲ ਸਕਿਨਰ ਨੇ ਕਿਹਾ ਕਿ ਨਤੀਜਿਆਂ ਤੋਂ ਪਤਾ ਚੱਲਦਾ ਹੈ ਕਿ ਜੇਕਰ ਮਰੀਜ਼ ਕੀਮੋਥੈਰੇਪੀ ਲੈਂਦਾ ਹੈ ਅਤੇ ਬਾਅਦ ਵਿੱਚ ਉਸ ਦੇ ਬੱਚੇ ਹੁੰਦੇ ਹਨ, ਤਾਂ ਉਨ੍ਹਾਂ ਦੇ ਪੋਤੇ-ਦੋਹਤਿਆਂ ਅਤੇ ਪੜਪੋਤੇ ਤੱਕ ਨੂੰ ਵੀ ਉਨ੍ਹਾਂ ਦੇ ਪੁਰਖਿਆਂ ਦੇ ਕਾਰਨ ਇਹ ਬਿਮਾਰੀ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ।ਹਾਲਾਂਕਿ ਸਕਿਨਰ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਹਨਾਂ ਨਤੀਜਿਆਂ ਦੇ ਬਾਅਦ ਕੈਂਸਰ ਦੇ ਮਰੀਜ਼ਾਂ ਨੂੰ ਕੀਮੋਥੈਰੇਪੀ ਲੈਣ ਤੋਂ ਪਰਹੇਜ ਨਹੀਂ ਕਰਨਾ ਚਾਹੀਦਾ ਕਿਉਂਕਿ ਇਹ ਇੱਕ ਬਹੁਤ ਪ੍ਰਭਾਵਸ਼ਾਲੀ ਇਲਾਜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਜਾਪਾਨ : ਗੰਧਕ ਵਰਗੀ ਬਦਬੂ ਮਗਰੋਂ 20 ਬੱਚੇ ਹਸਪਤਾਲ 'ਚ ਦਾਖਲ
ਕੀਮੋਥੈਰੇਪੀ ਦਵਾਈਆਂ ਕੈਂਸਰ ਸੈੱਲਾਂ ਨੂੰ ਮਾਰਦੀਆਂ ਹਨ ਅਤੇ ਉਹਨਾਂ ਨੂੰ ਫੈਲਣ ਤੋਂ ਰੋਕਦੀਆਂ ਹਨ, ਪਰ ਉਹਨਾਂ ਦੇ ਪ੍ਰਜਨਨ ਪ੍ਰਣਾਲੀ ਸਮੇਤ ਪੂਰੇ ਸਰੀਰ 'ਤੇ ਬਹੁਤ ਸਾਰੇ ਮਾੜੇ ਪ੍ਰਭਾਵ ਹੁੰਦੇ ਹਨ। ਇਸ ਅਧਿਐਨ ਦੇ ਨਤੀਜਿਆਂ ਨੂੰ ਦੇਖਦੇ ਹੋਏ ਖੋਜੀਆਂ ਨੇ ਸਿਫਾਰਸ਼ ਕੀਤੀ ਹੈ ਕਿ ਕੈਂਸਰ ਦੇ ਮਰੀਜ਼ ਜੋ ਬਾਅਦ ਵਿੱਚ ਬੱਚੇ ਪੈਦਾ ਕਰਨ ਦੀ ਯੋਜਨਾ ਬਣਾ ਰਹੇ ਹਨ, ਕੀਮੋਥੈਰੇਪੀ ਤੋਂ ਪਹਿਲਾਂ ਆਪਣੇ ਸ਼ੁਕਰਾਣੂ ਜਾਂ ਆਂਡੇ ਨੂੰ ਸੁਰੱਖਿਅਤ ਰੱਖਣ ਵਰਗੀਆਂ ਸਾਵਧਾਨੀਆਂ ਵਰਤਣ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।