ਅਮਰੀਕਾ ਦੇ ਹਿਊਸਟਨ ’ਚ ਗੋਲੀਆਂ ਚੱਲਣ ਨਾਲ ਮਚੀ ਹਫੜਾ-ਦਫੜੀ, ਹੋਈਆਂ 3 ਮੌਤਾਂ
Monday, Jul 19, 2021 - 06:46 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਹਿਊਸਟਨ ’ਚ ਇਕ ਸ਼ਖਸ ਨੇ ਇਕ ਮੋਟਲ (ਸੜਕ ਕਿਨਾਰੇ ਯਾਤਰੀਆਂ ਲਈ ਬਣਿਆ ਹੋਟਲ) ’ਚ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਤੇ ਫਿਰ ਪਾਰਕਿੰਗ ਸਥਾਨ ’ਤੇ ਗੋਲੀਬਾਰੀ ਕਰ ਕੇ ਦੋ ਹੋਰ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ। ਪੁਲਸ ਨਾਲ ਹੋਏ ਮੁਕਾਬਲੇ ’ਚ ਉਸ ਦੀ ਮੌਤ ਹੋ ਗਈ। ਕਾਰਜਕਾਰੀ ਪੁਲਸ ਮੁਖੀ ਮੈਟ ਸਲਿੰਕਾਰਡ ਨੇ ਦੱਸਿਆ ਕਿ ਗੋਲੀਬਾਰੀ ਦੀ ਇਹ ਘਟਨਾ ਐਤਵਾਰ ਰਾਤ ਨੂੰ ਉੱਤਰ-ਪੱਛਮੀ ਹਿਊਸਟਨ ਦੇ ਪੈਲੇਸ ਇਨ ਮੋਟ ’ਚ ਵਾਪਰੀ। ਉਨ੍ਹਾਂ ਦੱਸਿਆ ਕਿ ਤਕਰੀਬਨ 35 ਸਾਲਾ ਵਿਅਕਤੀ ਨੇ ਗੋਲੀ ਮਾਰ ਕੇ ਦੋ ਲੋਕਾਂ ਦੀ ਹੱਤਿਆ ਕਰ ਦਿੱਤੀ ਤੇ ਫਿਰ ਮੋਟਲ ਦੀ ਬਾਲਕੋਨੀ ਤੋਂ ਅਧਿਕਾਰੀਆਂ ’ਤੇ ਗੋਲੀਬਾਰੀ ਕਰ ਦਿੱਤੀ।
ਇਹ ਵੀ ਪੜ੍ਹੋ : ਲੰਡਨ : ਈ-ਸਕੂਟਰ ਹਿੱਟ-ਐਂਡ-ਰਨ ਮਾਮਲੇ ’ਚ ਹੋਈ 16 ਸਾਲਾ ਬੱਚੇ ਦੀ ਮੌਤ
ਸਲਿੰਕਾਰਡ ਨੇ ਦੱਸਿਆ ਕਿ ਪਾਰਕਿੰਗ ਸਥਾਨ ’ਤੇ ਦੋ ਲੋਕ ਜ਼ਖ਼ਮੀ ਹੋਏ ਹਨ ਪਰ ਕੋਈ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਜਵਾਬੀ ਗੋਲੀਬਾਰੀ ਕੀਤੀ ਤੇ ਬੰਦੂਕਧਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਪਰ ਪੁਲਸ ਹੁਣ ਤਕ ਇਹ ਪਤਾ ਨਹੀਂ ਲਾ ਸਕੀ ਕਿ ਉਸ ਦੀ ਮੌਤ ਅਧਿਕਾਰੀਆਂ ਦੀ ਗੋਲੀ ਲੱਗਣ ਨਾਲ ਹੋਈ ਜਾਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ ਸੀ। ਸਲਿੰਕਾਰਡ ਨੇ ਦੱਸਿਆ ਕਿ ਪੁਲਸ ਨੂੰ ਇਹ ਪਤਾ ਨਹੀਂ ਲੱਗਿਆ ਕਿ ਉਸ ਨੇ ਦੋ ਲੋਕਾਂ ਦੀ ਹੱਤਿਆ ਕਿਉਂ ਕੀਤੀ। ਇਸ ਤਰ੍ਹਾਂ ਦੇ ਕੋਈ ਸਬੂਤ ਨਹੀਂ ਹਨ ਕਿ ਬੰਦੂਕਧਾਰੀ ਪਹਿਲਾਂ ਤੋਂ ਦੋਵਾਂ ਪੀੜਤਾਂ ਨੂੰ ਜਾਣਦਾ ਸੀ।