ਕੋਰੋਨਾ ’ਤੇ ਕਾਬੂ ਪਾਉਣ ਵਾਲੇ ਨਿਊਜ਼ੀਲੈਂਡ ’ਚ ਹੁਣ ਤੇਜ਼ੀ ਨਾਲ ਵਧ ਰਹੇ ਮਾਮਲੇ
Tuesday, Oct 19, 2021 - 03:41 PM (IST)
ਇੰਟਰਨੈਸ਼ਨਲ ਡੈਸਕ : ਕੁਝ ਸਮਾਂ ਪਹਿਲਾਂ ਕੋਰੋਨਾ ’ਤੇ ਕਾਬੂ ਪਾਉਣ ਨੂੰ ਲੈ ਕੇ ਨਿਊਜ਼ੀਲੈਂਡ ਦੀ ਦੁਨੀਆ ਭਰ ’ਚ ਸ਼ਲਾਘਾ ਕੀਤੀ ਗਈ, ਜਦਕਿ ਹੁਣ ਸਰਕਾਰ ਦੀਆਂ ਬਹੁਤ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੁੰਦੀਆਂ ਨਜ਼ਰ ਆ ਰਹੀਆਂ ਹਨ। ਦੇਸ਼ ’ਚ ਕੋਰੋਨਾ ਦੀ ਲਾਗ ਦੇ ਮਾਮਲੇ ਮੰਗਲਵਾਰ ਨੂੰ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਗਏ ਹਨ। ਇਥੋਂ ਦੇ ਵੱਡੇ ਸ਼ਹਿਰ ਆਕਲੈਂਡ ’ਚ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਅਧਿਕਾਰੀਆਂ ਨੇ ਦੋ ਮਹੀਨੇ ਦੇ ਲਾਕਡਾਊਨ ਤੋਂ ਸ਼ਹਿਰ ਦੇ ਬਾਹਰ ਨਿਕਲਣ ਲਈ ਨੂੰ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ ਤਾਂ ਕਿ ਹਾਲਾਤ ’ਤੇ ਕੰਟਰੋਲ ਕੀਤਾ ਜਾ ਸਕੇ।
ਇਸ ਸਬੰਧੀ ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਕ ਦਿਨ ’ਚ 94 ਨਵੇਂ ਮਾਮਲੇ ਸਾਹਮਣੇ ਆਏ ਹਨ, ਇਸ ਤੋਂ ਪਹਿਲਾਂ 18 ਮਹੀਨਿਆਂ ਦੇ ਫਰਕ ਨਾਲ ਦੋ ਵਾਰ ਤਕਰੀਬਨ 89 ਮਾਮਲੇ ਮਿਲੇ ਸਨ। ਜ਼ਿਆਦਾਤਰ ਨਵੇਂ ਮਾਮਲੇ ਆਕਲੈਂਡ ਤੋਂ ਸਾਹਮਣੇ ਆ ਰਹੇ ਹਨ, ਜਦਕਿ ਸੱਤ ਮਾਮਲੇ ਨੇੜਲੇ ਬਾਇਕਾਟੋ ਜ਼ਿਲ੍ਹੇ ਤੋਂ ਮਿਲੇ ਹਨ। ਪ੍ਰਧਾਨ ਮੰਤਰੀ ਜੇਸਿੰਡਾ ਅਰਡਰਨ ਦਾ ਕਹਿਣਾ ਹੈ ਕਿ ਲਾਕਡਾਊਨ ਦੇ ਨਿਯਮ ਤੋੜਨ ਵਾਲੇ ਲੋਕਾਂ ਦੇ ਕਾਰਨ ਹੀ ਮਾਮਲਿਆਂ ’ਚ ਵਾਧਾ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜ਼ਿਆਦਾਤਰ ਨਵੇਂ ਮਾਮਲੇ ਨੌਜਵਾਨਾਂ ’ਚ ਆ ਰਹੇ ਹਨ।