15 ਗੁੰਡਿਆਂ ਨੇ ਟੈਕਸੀ ਡਰਾਈਵਰ ''ਤੇ ਕੀਤਾ ਚਾਕੂ ਨਾਲ ਹਮਲਾ, ਵਾਲ-ਵਾਲ ਬਚੀ ਜਾਨ

12/04/2017 12:00:00 PM

ਬਰਮਿੰਘਮ (ਬਿਊਰੋ)— ਸਿਆਣਿਆਂ ਨੇ ਸੱਚ ਹੀ ਕਿਹਾ ਹੈ ਕਿ ਜਿਸ ਨੂੰ ਰੱਬ ਨੇ ਬਚਾਉਣਾ ਹੈ ਉਸ ਨੂੰ ਬਲਦੀ ਅੱਗ ਵਿਚੋਂ ਵੀ ਬਚਾ ਲੈਣਾ ਹੈ। ਇਸੇ ਤਰ੍ਹਾਂ ਦਾ ਇਕ ਮਾਮਲਾ ਇੰਗਲੈਂਡ ਦੇ ਬਰਮਿੰਘਮ ਦਾ ਸਾਹਮਣੇ ਆਇਆ ਹੈ। ਇੰਗਲੈਂਡ ਦੇ ਬਰਮਿੰਘਮ ਵਿਚ ਇਕ ਟੈਕਸੀ ਡਰਾਈਵਰ ਦੀ ਜਾਨ ਇਸ ਲਈ ਬਚ ਗਈ ਕਿਉਂਕਿ ਉਸ ਨੇ ਸਰਦੀਆਂ ਦੇ ਮੋਟੇ ਕੱਪੜੇ ਪਾਏ ਹੋਏ ਸਨ। ਰਫਾਕਤ ਅਲੀ (38) ਨਾਂ ਦਾ ਇਹ ਵਿਅਕਤੀ ਆਪਣੀ ਟੈਕਸੀ ਵਿਚ ਬੈਠਾ ਹੋਇਆ ਸੀ, ਜਦੋਂ 15 ਮੁੰਡਿਆਂ ਦੇ ਗਿਰੋਹ ਨੇ ਉਸ 'ਤੇ ਹਮਲਾ ਕਰ ਦਿੱਤਾ। ਮੋਟੇ ਕੱਪੜਿਆਂ ਨੇ ਰਫਾਕਤ ਦੀ ਜਾਨ ਤਾਂ ਬਚਾ ਲਈ ਪਰ ਉਸ ਦੇ ਪੂਰੇ ਸਰੀਰ 'ਤੇ ਸੱਟਾਂ ਦੇ ਗੰਭੀਰ ਨਿਸ਼ਾਨ ਹਨ।

PunjabKesari
38 ਸਾਲਾ ਰਫਾਕਤ ਬਰਮਿੰਘਮ ਦੇ ਸਪਾਲ ਹੀਥ ਵਿਚ ਟੈਕਸੀ ਡਰਾਈਵਰ ਹੈ। ਕੁਝ ਦਿਨ ਪਹਿਲਾਂ ਜਦੋਂ ਉਹ ਇਕ ਸਵਾਰੀ ਨੂੰ ਛੱਡ ਕੇ ਸੜਕ ਕਿਨਾਰੇ ਕਿਰਾਏ ਦਾ ਇੰਤਜ਼ਾਰ ਕਰ ਰਹੇ ਸਨ। ਉਸੇ ਵੇਲੇ 15 ਮੁੰਡਿਆਂ ਦੇ ਇਕ ਗਿਰੋਹ ਨੇ ਉਸ 'ਤੇ ਹਮਲਾ ਕਰ ਦਿੱਤਾ। ਗੁੰਡਿਆਂ ਨੇ ਉਸ ਨੂੰ ਕੁੱਟਿਆ-ਮਾਰਿਆ ਅਤੇ ਚਾਕੂ ਨਾਲ ਵੀ ਹਮਲਾ ਕੀਤਾ। ਹਮਲੇ ਵਿਚ ਜ਼ਖਮੀ ਰਫਾਕਤ ਨੂੰ ਕਵੀਨ ਅਲੀਜ਼ਾਬੇਥ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦਾ ਤੁਰੰਤ ਇਲਾਜ ਕੀਤਾ ਗਿਆ। ਇੰਟਰਵਿਊ ਵਿਚ ਰਫਾਕਤ ਨੇ ਦੱਸਿਆ ਕਿ ਉਸ ਦੀ ਜਾਨ ਸਿਰਫ ਇਸ ਲਈ ਬਚ ਗਈ ਕਿਉਂਕਿ ਉਸ ਨੇ ਮੋਟੇ ਕੱਪੜੇ ਪਹਿਨੇ ਹੋਏ ਸਨ।
ਰਫਾਕਤ ਨੇ ਕਿਹਾ,''ਉਹ ਮੈਨੂੰ ਮਾਰਨਾ ਚਾਹੁੰਦੇ ਸਨ। ਉਨ੍ਹਾਂ ਨੇ ਪੈਸਿਆਂ ਦੀ ਮੰਗ ਨਹੀਂ ਕੀਤੀ। ਉਹ ਸਾਰੇ ਇਕ ਤੋਂ ਬਾਅਦ ਇਕ ਮੇਰੇ 'ਤੇ ਹਮਲਾ ਕਰ ਰਹੇ ਸਨ। ਮੈਂ ਦੋ ਟੀ-ਸ਼ਰਟਸ ਪਾਈਆਂ ਹੋਈਆਂ ਸਨ। ਜਿਸ ਕਰ ਕੇ ਮੇਰੀ ਜਾਨ ਬਚ ਗਈ। ਰਫਾਕਤ ਨੇ ਦੱਸਿਆ ਜਦੋਂ ਉਹ ਕਿਰਾਏ ਦਾ ਇੰਤਜ਼ਾਰ ਕਰਰਹੇ ਸਨ, ਉਦੋਂ ਕੁਝ 15-17 ਸਾਲ ਦੇ ਤਕਰੀਬਨ 15 ਮੁੰਡੇ ਮੇਰੇ ਵੱਲ ਵਧਣ ਲੱਗੇ। ਉਨ੍ਹਾਂ ਵਿਚੋਂ ਇਕ ਗੱਡੀ ਦੀ ਵਿੰਡ ਸਕਰੀਨ 'ਤੇ ਚੜ੍ਹਣ ਲੱਗਾ ਅਤੇ ਦੂਜਾ ਗੱਡੀ ਦਾ ਦਰਵਾਜਾ ਤੋੜਨ ਲੱਗਾ। ਮੈਂ ਆਪਣੀ ਗੱਡੀ ਚਲਾ ਕੇ ਨਿਕਲ ਸਕਦਾ ਸੀ ਪਰ ਜੇ ਉਨ੍ਹਾਂ ਵਿਚੋਂ ਕਿਸੇ ਨੂੰ ਸੱਟ ਲੱਗ ਜਾਂਦੀ ਤਾਂ ਮੇਰੇ ਲਈ ਮੁਸੀਬਤ ਖੜੀ ਹੋ ਸਕਦੀ ਸੀ। ਇਸ ਲਈ ਮੈਂ ਗੱਡੀ ਵਿਚੋਂ ਬਾਹਰ ਨਿਕਲ ਕੇ ਉਨ੍ਹਾਂ ਦਾ ਸਾਹਮਣਾ ਕਰਨ ਲੱਗਾ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਪੁਲਸ ਅਤੇ ਐਂਬੁਲੈਂਸ ਨੂੰ ਫੋਨ ਕਰਕੇ ਬੁਲਾਇਆ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜਾਂਚ ਚੱਲ ਰਹੀ ਹੈ। ਰਫਾਕਤ ਦੀ ਹਾਲਤ ਦੇਖ ਉਸ ਦਾ ਪਰਿਵਾਰ ਅਤੇ ਬੱਚੇ ਡਰੇ ਹੋਏ ਹਨ।


Related News