ਸੋਮਾਲੀਆ ਦੇ ਹੋਟਲ ''ਚ ਕਾਰ ਬੰਬ ਧਮਾਕਾ, 10 ਦੀ ਮੌਤ

Monday, Aug 17, 2020 - 01:40 AM (IST)

ਮੋਗਾਦਿਸ਼ੂ - ਸੋਮਾਲੀਆ ਦੀ ਰਾਜਧਾਨੀ ਮੋਗਾਦਿਸ਼ੂ ਦੇ ਸਮੁੰਦਰ ਕੰਢੇ ਸਥਿਤ ਇਕ ਹੋਟਲ 'ਤੇ ਐਤਵਾਰ ਨੂੰ ਹਮਲੇ ਵਿਚ ਘਟੋਂ-ਘੱਟ 10 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ। ਘਟਨਾ ਵਾਲੀ ਥਾਂ 'ਤੇ ਸੁਰੱਖਿਆ ਬਲਾਂ ਅਤੇ ਇਸਲਾਮਾਕ ਅੱਤਵਾਦੀਆਂ ਵਿਚਾਲੇ ਮੁਠਭੇੜ ਜਾਰੀ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਸੂਚਨਾ ਮੰਤਰਾਲੇ ਦੇ ਬੁਲਾਰੇ ਇਸਮਾਇਲ ਮੁਖਤਾਰ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਹੁਣ ਤੱਕ ਹੋਟਲ ਦੇ ਅੰਦਰ 2 ਹਮਲਾਵਰਾਂ ਨੂੰ ਢੇਰ ਕਰ ਦਿੱਤਾ ਹੈ। ਇਸ ਹੋਟਲ ਦੇ ਆਲੇ-ਦੁਆਲੇ ਫੌਜ ਦੀਆਂ ਬਖਤਰਬੰਦ ਗੱਡੀਆਂ ਤਾਇਨਾਤ ਹਨ। ਅਧਿਕਾਰੀਆਂ ਨੂੰ ਰਾਤ ਹੋਣ ਕਾਰਨ ਮੁਠਭੇੜ ਲੰਬੀ ਖਿੱਚਣ ਦੀ ਸ਼ੰਕਾ ਹੈ। ਪੁਲਸ ਅਧਿਕਾਰੀ ਕੈਪਟਨ ਮੁਹੰਮਦ ਹੁਸੈਨ ਨੇ ਦੱਸਿਆ ਕਿ ਇਲੀਟ ਹੋਟਲ ਦੇ ਸੁਰੱਖਿਆ ਗੇਟ 'ਤੇ ਕਾਰ ਬੰਬ ਨਾਲ ਜ਼ਬਰਦਸ਼ਤ ਧਮਾਕਾ ਕੀਤਾ ਗਿਆ। ਧਮਾਕੇ ਤੋਂ ਬਾਅਦ ਬੰਦੂਕਧਾਰੀ ਅੰਦਰ ਦਾਖਲ ਹੋਏ ਅਤੇ ਉਨ੍ਹਾਂ ਨੇ ਉਥੇ ਮੌਜੂਦ ਲੋਕਾਂ ਨੂੰ ਬੰਧਕ ਬਣਾ ਲਿਆ। ਉਨ੍ਹਾਂ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ 10 ਲੋਕਾਂ ਨੂੰ ਆਜ਼ਾਦ ਕਰਾ ਲਿਆ ਅਤੇ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਹਮਲਾਵਰ ਹੋਟਲ ਦੇ ਉਪਰ ਨਾ ਪਹੁੰਚ ਸਕਣ। ਸੋਮਾਲੀਆ ਦੇ ਇਸਲਾਮੀ ਅੱਤਵਾਦੀ ਸੰਗਠਨ ਅਲ-ਸ਼ਬਾਬ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ।


Khushdeep Jassi

Content Editor

Related News