ਯੂ. ਕੇ. : ਕਪਤਾਨ ਟੌਮ ਮੂਰ ਕੋਰੋਨਾ ਪੀੜਤ ਹੋਣ ''ਤੇ ਹੋਏ ਹਸਪਤਾਲ ਦਾਖ਼ਲ

02/01/2021 4:48:34 PM

ਗਲਾਸਗੋ/ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)- ਯੂ. ਕੇ. ਦੇ 100 ਸਾਲਾ ਸਾਬਕਾ ਸੈਨਿਕ ਅਤੇ ਯੁੱਧ ਦੇ ਤਜ਼ਰਬੇਕਾਰ ਕਪਤਾਨ ਸਰ ਟੌਮ ਮੂਰ ਨੂੰ ਕੋਰੋਨਾ ਵਾਇਰਸ ਅਤੇ ਨਮੂਨੀਆ ਨਾਲ ਪੀੜਤ ਹੋਣ ਦੇ ਬਾਅਦ ਐਤਵਾਰ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਗੱਲ ਦੀ ਇਕ ਟਵੀਟ ਰਾਹੀਂ ਪੁਸ਼ਟੀ ਕਰਦਿਆਂ ਕਪਤਾਨ ਟੌਮ ਮੂਰ ਦੀ ਬੇਟੀ ਹੰਨਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਮੂਰ ਦਾ ਕੋਰੋਨਾ ਅਤੇ ਨਮੂਨੀਆ ਲਈ ਇਲਾਜ ਕੀਤਾ ਜਾ ਰਿਹਾ ਸੀ ਪਰ ਐਤਵਾਰ ਨੂੰ ਸਾਹ ਲੈਣ ਵਿਚ ਵਧੇਰੇ ਸਮੱਸਿਆ ਹੋਣ ਕਰਕੇ ਉਨ੍ਹਾਂ ਨੂੰ ਬੈੱਡਫੋਰਡ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। 

100 ਸਾਲਾਂ ਕੈਪਟਨ ਟੌਮ ਮੂਰ ਇੱਕ ਅਜਿਹੀ ਸਖਸ਼ੀਅਤ ਹਨ, ਜਿਹਨਾਂ ਨੇ ਕੋਰੋਨਾ ਮਹਾਮਾਰੀ ਦੌਰਾਨ ਹੋਈ ਪਹਿਲੀ ਤਾਲਾਬੰਦੀ ਦੌਰਾਨ ਐਨ ਐਚ ਐਸ ਚੈਰਿਟੀਜ਼ ਲਈ ਲਗਭਗ 33 ਮਿਲੀਅਨ ਪੌਂਡ ਇਕੱਠੇ ਕੀਤੇ ਸਨ। ਉਸ ਸਮੇਂ ਕਪਤਾਨ ਮੂਰ ਵੱਲੋਂ ਸਿਰਫ 1000 ਪੌਂਡ ਇਕੱਠੇ ਕਰਨ ਦੀ ਯੋਜਨਾ ਸੀ ਪਰ ਉਨ੍ਹਾਂ ਕੋਲ ਦੁਨੀਆ ਭਰ ਵਿਚੋਂ 32 ਮਿਲੀਅਨ ਪੌਂਡ ਤੋਂ ਵੱਧ ਰਾਸ਼ੀ ਦਾਨ ਲਈ ਇਕੱਠੀ ਹੋਈ ਸੀ। ਇਸ ਦੇ ਇਲਾਵਾ ਮਹਾਮਾਰੀ ਦੇ ਸੰਕਟ ਦੌਰਾਨ ਕਪਤਾਨ ਮੂਰ ਦੇ ਬੇਮਿਸਾਲ ਯਤਨਾਂ ਲਈ ਪਿਛਲੇ ਸਾਲ ਜੁਲਾਈ ਵਿਚ, ਉਸ ਨੂੰ ਵਿੰਡਸਰ ਕੈਸਲ ਵਿਖੇ ਮਹਾਰਾਣੀ ਵਲੋਂ ਨਾਈਟਹੁੱਡ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ। ਦੇਸ਼ ਵਾਸੀਆਂ ਵਲੋਂ ਇਸ ਸਾਬਕਾ ਫ਼ੌਜੀ ਅਤੇ ਦਾਨੀ ਪੁਰਸ਼ ਦੀ ਜਲਦੀ ਸਿਹਤਯਾਬੀ ਲਈ ਦੁਆ ਕੀਤੀ ਜਾ ਰਹੀ ਹੈ।
 


Lalita Mam

Content Editor

Related News