ਇਟਲੀ ''ਚ ਮਾਘੀ ਦਿਹਾੜੇ ''ਤੇ ਭਾਈ ਸਰਬਜੀਤ ਸਿੰਘ ਧੂਦਾਂ ਦੇ ਸਜਾਏ ਦੀਵਾਨ
Monday, Jan 15, 2018 - 05:55 PM (IST)

ਮਿਲਾਨ(ਇਟਲੀ)(ਸਾਬੀ ਚੀਨੀਆ)— ਇਟਲੀ ਦੀ ਰਾਜਧਾਨੀ ਰੋਮ ਨੇੜੇ ਸਥਿਤ ਗੁਰਦੁਆਰਾ ਸ਼੍ਰੀ ਗੋਬਿੰਦਸਰ ਸਾਹਿਬ ਲਵੀਨੀਓ ਵਿਖੇ ਮਾਘੀ ਦੇ ਪਵਿੱਤਰ ਦਿਹਾੜੇ ਨੂੰ ਸਮੱਰਪਿਤ ਸਜਾਏ ਗਏ ਦੀਵਾਨਾਂ 'ਚ ਉੱਘੇ ਪ੍ਰਚਾਰਕ ਭਾਈ ਸਰਬਜੀਤ ਸਿੰਘ ਧੂਦਾਂ ਦੁਆਰਾ ਕਥਾ-ਵਾਰਤਾ ਕੀਤੀ ਗਈ। ਇਨ੍ਹਾਂ ਦੀਵਾਨਾਂ ਵਿਚ ਇਟਲੀ ਭਰ 'ਚੋਂ ਵੱਡੀ ਗਿਣਤੀ ਵਿਚ ਸੰਗਤ ਨੇ ਸ਼ਿਰਕਤ ਕੀਤੀ।ਭਾਈ ਧੂਦਾਂ ਜਰਮਨ ਵਿਖੇ ਪ੍ਰਚਾਰ ਉਪਰੰਤ ਇਟਲੀ ਪਹੁੰਚੇ ਸਨ।ਭਾਈ ਧੂਦਾਂ ਦੁਆਰਾ ਦੀਵਾਨਾਂ ਦੌਰਾਨ ਚਾਲੀ ਮੁਕਤਿਆਂ ਨਾਲ਼ ਸਬੰਧਿਤ ਇਤਿਹਾਸ ਸ੍ਰਵਣ ਕਰਵਾਉਣ ਦੇ ਨਾਲ-ਨਾਲ ਸਿੱਖ ਪੰਥ ਦੀਆਂ ਮੌਜੂਦਾ ਪ੍ਰਸਥਿਤੀਆਂ 'ਤੇ ਪੰਥ ਨੂੰ ਦਰਪੇਸ਼ ਚੁਣੌਤੀਆਂ 'ਤੇ ਵੀ ਵਿਚਾਰਾਂ ਕੀਤੀਆਂ ਗਈਆਂ।ਉਨ੍ਹਾਂ ਦੁਆਰਾ ਹਰੇਕ ਸਿੱਖ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਪ੍ਰੇਰਨਾ ਦਿੰਦਿਆਂ ਹੋਇਆਂ ਫਜੂਲ ਦੇ ਕਰਮ-ਕਾਂਡਾ, ਵਹਿਮਾ-ਭਰਮਾਂ ਤੇ ਦਿਖਾਵੇ ਵਾਲੇ ਜੀਵਨ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ।ਇਸ ਮੌਕੇ ਪ੍ਰਬੰਧਕਾਂ ਦੁਆਰਾ ਭਾਈ ਸਰਬਜੀਤ ਸਿੰਘ ਧੂਦਾਂ ਨੂੰ ਸਿਰੋਪਾਓ ਸਾਹਿਬ ਦੇ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਅਤੇ ਸਮੂਹ ਸੰਗਤ ਦਾ ਧੰਨਵਾਦ ਕੀਤਾ ਗਿਆ।