7 ਸਤੰਬਰ ਨੂੰ ਕੈਨਬਰਾ ''ਚ ਹੋਵੇਗਾ ਕਬੱਡੀ ਕੱਪ ਤੇ ਦਿਵਾਲੀ ਮੇਲਾ, ਕੌਰ ਬੀ ਦਾ ਲੱਗੇਗਾ ਅਖਾੜਾ
Thursday, Sep 04, 2025 - 11:48 AM (IST)

ਸਿਡਨੀ/ਕੈਨਬਰਾ (ਸਨੀ ਚਾਂਦਪੁਰੀ)- ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਵਿਖੇ 7 ਸਤੰਬਰ ਨੂੰ ਪੰਜਾਬੀ ਯੂਥ ਕਲੱਬ ਕੈਨਬਰਾ ਵਲੋਂ ਪਹਿਲਾ ਕਬੱਡੀ ਕੱਪ ਅਤੇ ਦਿਵਾਲੀ ਮੇਲਾ ਕਰਵਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਫੋਨ ਰਾਹੀਂ ਗੱਲਬਾਤ ਕਰਦਿਆਂ ਖੇਡ ਪ੍ਰਮੋਟਰ ਗੁਰਪ੍ਰੀਤ ਸੰਗਾਲੀ ਨੇ ਇਸ ਮੇਲੇ ਬਾਬਤ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬੀ ਯੂਥ ਕਲੱਬ ਕੈਨਬਰਾ ਵੱਲੋਂ ਕਰਵਾਇਆ ਜਾ ਰਿਹਾ ਇਹ ਮੇਲਾ ਕੈਨਬਰਾ ਦੇ ਟੇਲਰ ਸਪੋਰਟਸ ਗਰਾਊਂਡ ਵਿਖੇ 7 ਸਤੰਬਰ ਨੂੰ ਹੋਣ ਜਾ ਰਿਹਾ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਇਸ ਮੇਲੇ ਵਿੱਚ ਕਬੱਡੀ ਓਪਨ ਤੇ ਅੰਡਰ 17 ਕਬੱਡੀ ਦੇ ਮੈਚ ਹੋਣਗੇ ਅਤੇ ਲੜਕੀਆਂ ਦੀ ਕਬੱਡੀ ਦੇ ਸ਼ੋਅ ਮੈਚ ਵੀ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਵਾਲੀਬਾਲ ਦੇ ਮੈਚ ਵੀ ਕਰਵਾਏ ਜਾਣਗੇ। ਇਸ ਦੌਰਾਨ ਮਸ਼ਹੂਰ ਪੰਜਾਬੀ ਸਿੰਗਰ ਕੌਰ ਬੀ ਦਾ ਵੀ ਅਖਾੜਾ ਲੱਗੇਗਾ, ਜੋ ਆਪਣੇ ਨਵੇਂ-ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਇਸ ਤੋਂ ਇਲਾਵਾ ਭੰਗੜੇ ਦੀਆਂ ਟੀਮਾਂ, ਕੁੜੀਆਂ ਦੇ ਗਿੱਧੇ ਦੀਆਂ ਟੀਮਾਂ, ਰੱਸਾਕੱਸੀ ਅਤੇ ਮਿਊਜ਼ੀਕਲ ਚੇਅਰ ਅਤੇ ਬੀਬੀਆਂ ਦੀ ਚਾਟੀ ਰੇਸ ਦੇ ਮੁਕਾਬਲੇ ਵੀ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਮੇਲੇ ਨੂੰ ਸਫਲ ਬਣਾਉਣ ਨੂੰ ਲੈ ਕੇ ਪੰਜਾਬੀ ਯੂਥ ਕਲੱਬ ਦੇ ਮੈਂਬਰ ਪੂਰੀ ਮਿਹਨਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਾਮ ਨੂੰ ਕੌਰ ਬੀ ਆਪਣੀ ਕਲਾ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਮੇਲੇ ਦੀਆਂ ਤਿਆਰੀਆਂ ਨੂੰ ਲੈ ਕੇ ਉਨ੍ਹਾਂ ਦੱਸਿਆ ਕਿ ਮੇਲੇ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ ਅਤੇ ਕਲੱਬ ਮੈਂਬਰ ਮੇਲੇ ਨੂੰ ਵਧੀਆ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਵਿੰਦਰ ਕਾਹਲੋਂ, ਖਜ਼ਾਨਚੀ ਗੁਰਪ੍ਰੀਤ ਸੰਗਾਲੀ, ਮੀਤ ਪ੍ਰਧਾਨ ਵਿੱਕੀ ਕਾਤਰੋਂ, ਸਹਿ ਖਜ਼ਾਨਚੀ ਅਮਨ ਬਰਾੜ ਅਤੇ ਸੈਕਟਰੀ ਅਰਪਨਜੋਤ ਸੰਧੀ ਆਦਿ ਹਾਜ਼ਰ ਸਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e