ਕੋਰੋਨਾ ਟੀਕੇ ਨੂੰ ਲਾਜ਼ਮੀ ਨਹੀਂ ਕਰਨਾ ਚਾਹੁੰਦੇ ਬਹੁਤੇ ਕੈਨੇਡੀਅਨ, ਸਰਵੇ ''ਚ ਖੁਲਾਸਾ

10/14/2020 3:43:20 PM

ਓਟਾਵਾ- ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਟੀਕੇ ਨੂੰ ਲੈ ਕੇ ਹੋਏ ਇਕ ਸਰਵੇ ਵਿਚ ਪਤਾ ਲੱਗਾ ਹੈ ਕਿ ਵੱਡੀ ਗਿਣਤੀ ਵਿਚ ਲੋਕ ਕੋਰੋਨਾ ਦੇ ਟੀਕੇ ਨੂੰ ਲਾਜ਼ਮੀ ਨਹੀਂ ਕਰਨਾ ਚਾਹੁੰਦੇ। ਲੋਕਾਂ ਨੇ ਸੁਝਾਅ ਦਿੱਤਾ ਹੈ ਕਿ ਟੀਕਾ ਲਗਵਾਉਣਾ ਹਰ ਵਿਅਕਤੀ ਦੀ ਆਪਣੀ ਮਰਜ਼ੀ ਹੋਣੀ ਚਾਹੀਦੀ ਹੈ। 

ਲੇਗਰ ਐਂਡ ਦਿ ਐਸੋਸਿਏਸ਼ਨ ਫਾਰ ਕੈਨੇਡੀਅਨ ਸਟਡੀਜ਼ ਨੇ ਇਸ ਸਰਵੇ ਨੂੰ ਕੀਤਾ ਤੇ ਦੱਸਿਆ ਕਿ ਵੱਡੀ ਗਿਣਤੀ ਵਿਚ ਲੋਕਾਂ ਦਾ ਪੱਖ ਵੱਖਰਾ ਹੈ। ਵਿਸ਼ਵ ਭਰ ਵਿਚ ਕੋਰੋਨਾ ਟੀਕੇ ਨੂੰ ਲੈ ਕੇ ਟ੍ਰਾਇਲ ਚੱਲ ਰਹੇ ਹਨ ਅਜਿਹੇ ਵਿਚ ਕੈਨੇਡਾ ਵੀ ਟੀਕੇ ਤੱਕ ਪਹੁੰਚ ਕਰਨ ਲਈ ਕਈ ਕੰਪਨੀਆਂ ਨਾਲ ਗੱਲਬਾਤ ਕਰ ਰਿਹਾ ਹੈ। ਬਹੁਤ ਸਾਰੇ ਲੋਕ ਕੈਨੇਡਾ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਪ੍ਰਤੀ ਆਸਵੰਦ ਹਨ। ਸਰਕਾਰ ਦਾ ਕਹਿਣਾ ਹੈ ਕਿ ਜੇਕਰ ਕੋਰੋਨਾ ਤੋਂ ਬਚਾਅ ਦਾ ਟੀਕਾ ਸਫਲ ਰਹਿੰਦਾ ਹੈ ਤਾਂ ਉਹ ਆਪਣੇ ਦੇਸ਼ ਲਈ ਇਸ ਦੀ ਵੱਡੀ ਖੇਪ ਖਰੀਦਣਗੇ। 

ਸਰਵੇ ਵਿਚ ਦੱਸਿਆ ਗਿਆ ਕਿ ਸਿਰਫ 39 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਕੋਰੋਨਾ ਟੀਕਾ ਹਰੇਕ ਲਈ ਲਗਵਾਉਣਾ ਜ਼ਰੂਰੀ ਹੋਣਾ ਚਾਹੀਦਾ ਹੈ ਜਦਕਿ ਬਾਕੀਆਂ ਨੇ ਇਸ 'ਤੇ ਨਾਂ-ਪੱਖੀ ਜਵਾਬ ਦਿੱਤਾ ਹੈ। ਆਨਲਾਈਨ ਹੋਏ ਇਸ ਸਰਵੇ ਵਿਚ 1,539 ਕੈਨੇਡੀਅਨ ਨੌਜਵਾਨਾਂ ਨੇ ਹਿੱਸਾ ਲਿਆ। ਬਹੁਤੇ ਲੋਕਾਂ ਨੂੰ ਡਰ ਹੈ ਕਿ ਇਸ ਟੀਕੇ ਨਾਲ ਉਨ੍ਹਾਂ ਦੇ ਸਰੀਰ ਨੂੰ ਨੁਕਸਾਨ ਹੋ ਸਕਦਾ ਹੈ। 


Lalita Mam

Content Editor

Related News