ਕੈਨੇਡਾ 'ਚ ਵੀ ਉੱਠੀ ਚੀਨੀ ਸਮਾਨ ਦੇ ਬਾਈਕਾਟ ਦੀ ਮੰਗ

06/30/2020 1:52:55 PM

ਟੋਰਾਂਟੋ : ਹੁਵਾਵੇ ਦੀ ਮੁੱਖ ਵਿੱਤ ਅਧਿਕਾਰੀ ਮੇਂਗ ਵਾਂਜ਼ੂ ਦੀ ਗ੍ਰਿਫ਼ਤਾਰੀ ਮਗਰੋਂ ਕੈਨੇਡਾ ਤੇ ਚੀਨ ਵਿਚਕਾਰ ਵਿਵਾਦ ਵੱਧ ਗਏ ਹਨ। ਬੀਜਿੰਗ ਵਲੋਂ ਦੋ ਕੈਨੇਡੀਅਨ ਨਾਗਰਿਕਾਂ ਨੂੰ ਹਿਰਾਸਤ ਵਿਚ ਲੈਣ ਦੀ ਕਾਰਵਾਈ ਮਗਰੋਂ ਹੁਣ ਕੈਨੇਡਾ ਵਿਚ ਵੀ ਚੀਨੀ ਸਮਾਨ ਦੇ ਬਾਈਕਾਟ ਦੀ ਜ਼ੋਰਦਾਰ ਮੰਗ ਉੱਠਣ ਲੱਗ ਪਈ ਹੈ। ਐਂਗਸ ਰੀਡ ਇੰਸਟੀਚਿਊਟ ਪੋਲ ਵਿਚ ਸਾਹਮਣੇ ਆਇਆ ਹੈ ਕਿ ਚੀਨ ਨਾਲ ਕਈ ਵਿਵਾਦਾਂ ਵਿਚਕਾਰ ਕੈਨੇਡੀਅਨਾਂ ਨੇ ਚੀਨੀ ਸਮਾਨ ਦੇ ਬਾਈਕਾਟ ਦਾ ਭਾਰੀ ਸਮਰਥਨ ਕੀਤਾ ਹੈ।

ਪੋਲ ਮੁਤਾਬਕ ਕੈਨੇਡੀਅਨ 2.56 ਬਿਲੀਅਨ ਡਾਲਰ ਦੇ ਚੀਨ ਵਲੋਂ ਬਣਾਏ ਕੱਪੜੇ ਖਰੀਦਦੇ ਹਨ ਅਤੇ ਇਸ ਦੇ ਨਾਲ ਹੀ 1.83 ਬਿਲੀਅਨ ਡਾਲਰ ਦਾ ਇਲੈਕਟ੍ਰਾਨਿਕ ਅਤੇ ਹੋਰ ਸਮਾਨ ਖਰੀਦਦੇ ਹਨ। 

ਸਰਵੇਖਣ ਮੁਤਾਬਕ 50 ਫ਼ੀਸਦੀ ਕੈਨੇਡੀਅਨ ਸੋਚਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਸਥਿਤੀ ਨੂੰ ਸਹੀ ਤਰ੍ਹਾਂ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਇਸ ਦੇ ਨਾਲ ਹੀ 72 ਫੀਸਦੀ ਲੋਕਾਂ ਦਾ ਕਹਿਣਾ ਹੈ ਕਿ ਹੁਵਾਵੇ ਦੀ ਵਿੱਤ ਅਧਿਕਾਰੀ ਦੀ ਕਿਸਮਤ ਦਾ ਫ਼ੈਸਲਾ ਕੈਨੇਡਾ ਦੇ ਕਾਨੂੰਨੀ ਪ੍ਰਬੰਧ 'ਤੇ ਛੱਡ ਦੇਣਾ ਚਾਹੀਦਾ ਹੈ। 
ਜ਼ਿਕਰਯੋਗ ਹੈ ਕਿ ਹੁਵਾਵੇ ਕੰਪਨੀ ਦੇ ਫਾਊਂਡਰ ਦੀ ਧੀ ਮੇਂਗ ਨੂੰ ਕੈਨੇਡਾ ਨੇ ਦਸੰਬਰ, 2018 ਨੂੰ ਹਿਰਾਸਤ ਵਿਚ ਲੈ ਲਿਆ ਸੀ। ਇਸ ਤੋਂ ਕੁਝ ਦਿਨਾਂ ਬਾਅਦ ਚੀਨ ਨੇ ਵੀ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਹਿਰਾਸਤ ਵਿਚ ਲੈ ਲਿਆ ਤੇ ਉਹ 18 ਮਹੀਨਿਆਂ ਤੋਂ ਜੇਲ੍ਹ ਵਿਚ ਬੰਦ ਹਨ ਅਤੇ ਹੁਣ ਚੀਨ ਨੇ ਉਨ੍ਹਾਂ 'ਤੇ ਜਾਸੂਸੀ ਦਾ ਦੋਸ਼ ਲਾਇਆ ਹੈ।


Lalita Mam

Content Editor

Related News