ਕੈਨੇਡੀਅਨ ਪੁਲਸ ਨੇ ਸਿੱਖ ਅਫਸਰਾਂ ਲਈ ਲਿਆ ਵੱਡਾ ਫੈਸਲਾ, WSO ਨੇ ਕੀਤਾ ਸਵਾਗਤ
Friday, Oct 02, 2020 - 06:31 PM (IST)

ਓਟਾਵਾ (ਬਿਊਰੋ): ਦਾੜ੍ਹੀ ਵਾਲੇ ਸਿੱਖ ਅਫਸਰਾਂ ਨੂੰ ਆਪਰੇਸ਼ਨਲ ਡਿਊਟੀਜ਼ ਦੇਣ ਦੇ RCMP ਮਤਲਬ ਰੋਇਲ ਕੈਨੇਡੀਅਨ ਮਾਊਂਟਡ ਪੁਲਸ ਦੇ ਫੈਸਲੇ ਦਾ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ ਕੈਨੇਡਾ (WSO) ਵੱਲੋਂ ਸਵਾਗਤ ਕੀਤਾ ਗਿਆ ਹੈ।ਇੱਕ ਬਿਆਨ ਜਾਰੀ ਕਰਕੇ ਆਰ.ਸੀ.ਐਮ.ਪੀ. ਨੇ ਐਲਾਨ ਕੀਤਾ ਕਿ ਕੈਨੇਡਾ ਭਰ ਵਿਚ ਦਾੜ੍ਹੀ ਵਾਲੇ ਫੋਰਸ ਦੇ ਜਿੰਨੇ ਵੀ ਮੈਂਬਰ ਪ੍ਰਭਾਵਿਤ ਹੋਏ ਹਨ, ਉਹ ਢੁਕਵੀਆਂ ਪੀ.ਪੀ.ਈ. ਧਾਰਨ ਕਰਕੇ ਆਪਣੀਆਂ ਆਪਰੇਸ਼ਨਲ ਡਿਊਟੀਜ਼ ਉੱਤੇ ਪਰਤ ਸਕਦੇ ਹਨ। ਇਹ ਪੀ.ਪੀ.ਈ. ਕਿੱਟਾਂ ਸਬੰਧਤ ਸੂਬਿਆਂ ਦੇ ਕਮਾਂਡਿੰਗ ਅਧਿਕਾਰੀਆਂ ਵੱਲੋਂ ਖਤਰੇ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਨਿਰਧਾਰਤ ਕੀਤੀਆਂ ਜਾਣਗੀਆਂ।
ਫਿਰ ਵੀ ਇਨ੍ਹਾਂ ਦਾੜ੍ਹੀ ਵਾਲੇ ਮੈਂਬਰਾਂ ਨੂੰ ਉਸ ਸਮੇਂ ਹੀ ਆਪਰੇਸ਼ਨਲ ਜ਼ਿੰਮੇਵਾਰੀ ਦਿੱਤੀ ਜਾਵੇਗੀ ਜਦੋਂ ਐਕਸਪੋਜ਼ਰ (exposure) ਦਾ ਖਤਰਾ ਘੱਟ ਹੋਵੇਗਾ ਜਾਂ ਫਿਰ ਬਹੁਗਿਣਤੀ ਵਿਚ ਰਿਸਪਾਂਡਿੰਗ (responding) ਅਧਿਕਾਰੀ ਮੌਕੇ ਉੱਤੇ ਮੌਜੂਦ ਹੋਣਗੇ। ਇਸ ਬਿਆਨ ਵਿਚ ਇਹ ਵੀ ਕਿਹਾ ਗਿਆ ਕਿ ਅਸੀਂ ਕਿਸੇ ਵੀ ਹਾਲ ਵਿਚ ਆਪਣੇ ਅਧਿਕਾਰੀਆਂ ਜਾਂ ਜਨਤਾ ਨੂੰ ਬਿਨਾਂ ਕਿਸੇ ਕਾਰਨ ਦੇ ਖਤਰੇ ਵਿਚ ਨਹੀਂ ਪਾ ਸਕਦੇ।
ਜ਼ਿਕਰਯੋਗ ਹੈ ਕਿ ਡਬਲਊ.ਐਸ.ਓ. ਪ੍ਰਭਾਵਿਤ ਆਰ.ਸੀ.ਐਮ.ਪੀ. ਅਧਿਕਾਰੀਆਂ ਦੇ ਪੱਖ ਵਿਚ ਅਪ੍ਰੈਲ 2020 ਤੋਂ ਹੀ ਆਵਾਜ਼ ਉਠਾ ਰਹੀ ਹੈ। ਇੱਥੇ ਇਹ ਵੀ ਦੱਸ ਦਈਏ ਕਿ ਦਾੜ੍ਹੀ ਵਾਲੇ ਸਿੱਖ ਆਰ.ਸੀ.ਐਮ.ਪੀ. ਅਧਿਕਾਰੀਆਂ ਨੂੰ ਮਾਰਚ 2020 ਵਿਚ ਫਰੰਟਲਾਈਨ ਪੁਲਸ ਡਿਊਟੀਜ਼ ਤੋਂ ਹਟਾ ਦਿੱਤਾ ਗਿਆ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਉਸ ਦੇ ਸਾਰੇ ਅਧਿਕਾਰੀ ਐਨ95 ਮਾਸਕ ਪਾਉਣ। ਪਰ ਆਰ.ਸੀ.ਐਮ. ਪੀ. ਮੁਤਾਬਕ, ਮੂੰਹ ਉੱਤੇ ਦਾੜ੍ਹੀ ਹੋਣ ਕਾਰਨ ਇਹ ਮਾਸਕ ਚੰਗੀ ਤਰ੍ਹਾਂ ਫਿੱਟ ਬੈਠਦੇ।
ਇਹ ਵੀ ਸਾਹਮਣੇ ਆਇਆ ਹੈ ਕਿ ਜਿੱਥੇ ਐਰੋਸੋਲ ਜੈਨਰੇਟਿੰਗ ਮੈਡੀਕਲ ਪ੍ਰੋਸੀਜ਼ਰ (AGMP) ਚੱਲ ਰਿਹਾ ਹੋਵੇ, ਉੱਥੇ ਹੀ ਐਨ95 ਮਾਸਕ ਦੀ ਲੋੜ ਹੁੰਦੀ ਹੈ ਤੇ ਬਾਕੀ ਕਿਸੇ ਵੀ ਤਰ੍ਹਾਂ ਦੇ ਹਾਲਾਤ ਵਿਚ ਰੈਗੂਲਰ ਮੈਡੀਕਲ ਮਾਸਕ ਹੀ ਕਾਫੀ ਹੁੰਦੇ ਹਨ। ਇਸ ਦੌਰਾਨ ਡਬਲਊ. ਐਸ.ਓ. ਦੇ ਪ੍ਰੈਜ਼ੀਡੈਂਟ ਤੇਜਿੰਦਰ ਸਿੰਘ ਸਿੱਧੂ ਨੇ ਆਖਿਆ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਆਰ.ਸੀ.ਐਮ.ਪੀ. ਵਿਚ ਦਾੜ੍ਹੀ ਵਾਲੇ ਸਿੱਖ ਅਧਿਕਾਰੀ ਹੁਣ ਆਪਣੀਆਂ ਡਿਊਟੀਜ਼ ਆਮ ਢੰਗ ਨਾਲ ਨਿਭਾਅ ਸਕਣਗੇ| ਉਨ੍ਹਾਂ ਆਖਿਆ ਕਿ ਸਾਨੂੰ ਇਸ ਗੱਲ ਦੀ ਵੀ ਖੁਸ਼ੀ ਹੈ ਕਿ ਇਸ ਮੁੱਦੇ ਨੂੰ ਹੱਲ ਕਰਨ ਵਿਚ ਆਰ.ਸੀ.ਐਮ.ਪੀ. ਨੇ ਵਿਸ਼ੇਸ਼ ਦਿਲਚਸਪੀ ਵਿਖਾਈ।