ਕੈਨੇਡੀਅਨ ਜੱਜ ਨੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਪਲਟਿਆ

Tuesday, Aug 11, 2026 - 05:30 PM (IST)

ਕੈਨੇਡੀਅਨ ਜੱਜ ਨੇ ਪੰਜਾਬੀ ਮੂਲ ਦੇ ਵਿਅਕਤੀ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਪਲਟਿਆ

ਇੰਟਰਨੈਸ਼ਨਲ ਡੈਸਕ: ਕੈਨੇਡਾ ਦੀ ਇੱਕ ਫੈਡਰਲ ਅਦਾਲਤ ਨੇ ਪੰਜਾਬੀ ਮੂਲ ਦੇ ਕਰਮਵੀਰ ਸਿੰਘ ਨੂੰ ਰਿਹਾਅ ਕਰਨ ਦੇ ਇਮੀਗ੍ਰੇਸ਼ਨ ਅਤੇ ਰਿਫਿਊਜੀ ਬੋਰਡ (IRB) ਦੇ ਫੈਸਲੇ ਨੂੰ ਪਲਟ ਦਿੱਤਾ ਹੈ। ਕਰਮਵੀਰ ਸਿੰਘ, ਜੋ ਕਿ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਖੁਦ ਨੂੰ ਖਾਲਿਸਤਾਨੀ ਵੱਖਵਾਦੀ ਦੱਸਦਾ ਹੈ, ਹੁਣ ਹਿਰਾਸਤ ਵਿੱਚ ਹੀ ਰਹੇਗਾ । ਜੱਜ ਫੂਂਗ ਐਨਗੋ ਨੇ ਇਹ ਫੈਸਲਾ ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਦੀ ਅਪੀਲ 'ਤੇ ਸੁਣਾਇਆ।

ਅਦਾਲਤੀ ਦਸਤਾਵੇਜ਼ਾਂ ਅਨੁਸਾਰ ਕਰਮਵੀਰ ਸਿੰਘ ਪੰਜਾਬੀ ਮੂਲ ਦਾ ਭਾਰਤੀ ਨਾਗਰਿਕ ਹੈ ਅਤੇ ਸਾਲ 2012 ਦੇ ਇੱਕ ਕਤਲ ਕੇਸ ਵਿੱਚ ਭਾਰਤ ਵਿੱਚ ਲੋੜੀਂਦਾ ਭਗੌੜਾ ਹੈ। ਉਹ ਸਾਲ 2019 ਵਿੱਚ ਭਾਰਤ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਅਮਰੀਕਾ ਭੱਜ ਗਿਆ ਸੀ ਅਤੇ ਫਿਰ ਉਸ ਨੇ ਜਨਵਰੀ 2025 ਵਿੱਚ ਕੈਨੇਡਾ ਪਹੁੰਚ ਕੇ ਸ਼ਰਨ ਦੀ ਮੰਗ ਕੀਤੀ ਸੀ। ਕਰਮਵੀਰ ਨੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੂੰ ਦਿੱਤੇ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੂੰ ਆਪਣੀ ਸਿਆਸੀ ਰਾਇ ਅਤੇ ਖਾਲਿਸਤਾਨੀ ਗਤੀਵਿਧੀਆਂ ਕਾਰਨ ਭਾਰਤ ਵਿੱਚ ਖ਼ਤਰਾ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਕੈਨੇਡਾ 'ਚ ਪੰਜਾਬੀ ਨੌਜਵਾਨ'ਤੇ ਨਸਲੀ ਹਮਲਾ, ਨੱਕ 'ਤੇ ਮਾਰਿਆ ਮੁੱਕਾ ਅਤੇ ਲਾਹ'ਤੀ ਪੱਗ
 
ਜੱਜ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਕਰਮਵੀਰ ਕਥਿਤ ਤੌਰ 'ਤੇ ਬਿਸ਼ਨੋਈ ਗੈਂਗ ਦਾ ਮੈਂਬਰ ਹੈ, ਜਿਸ ਨੂੰ ਕੈਨੇਡਾ ਸਰਕਾਰ ਨੇ ਸਤੰਬਰ 2025 ਵਿੱਚ ਇੱਕ ਅੱਤਵਾਦੀ ਸੰਗਠਨ ਵਜੋਂ ਸੂਚੀਬੱਧ ਕੀਤਾ ਸੀ। ਜ਼ਿਕਰਯੋਗ ਹੈ ਕਿ ਇਹ ਗੈਂਗ ਮੁੱਖ ਤੌਰ 'ਤੇ ਭਾਰਤ ਤੋਂ ਆਪਣੀਆਂ ਅਪਰਾਧਿਕ ਗਤੀਵਿਧੀਆਂ ਚਲਾ ਰਿਹਾ ਹੈ।

ਕਰਮਵੀਰ ਸਿੰਘ ਅਪ੍ਰੈਲ 2025 ਤੋਂ ਪੰਜਾਬੀ ਗਾਇਕਾਂ ਤੋਂ ਜਬਰੀ ਵਸੂਲੀ ਦੇ ਮਾਮਲੇ ਵਿੱਚ ਕੈਨੇਡਾ ਪੁਲਿਸ ਦੀ ਹਿਰਾਸਤ ਵਿੱਚ ਹੈ। ਰਿਪੋਰਟਾਂ ਮੁਤਾਬਕ ਐਫ.ਬੀ.ਆਈ.  ਦੀ ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਸੀ ਕਿ ਸਤੰਬਰ 2024 ਵਿੱਚ ਮਸ਼ਹੂਰ ਪੰਜਾਬੀ ਗਾਇਕ ਏ.ਪੀ. ਢਿੱਲੋਂ ਦੇ ਬ੍ਰਿਟਿਸ਼ ਕੋਲੰਬੀਆ ਸਥਿਤ ਘਰ 'ਤੇ ਗੋਲੀਬਾਰੀ ਅਤੇ ਅਗਜ਼ਨੀ ਕਰਨ ਦੇ ਹੁਕਮ ਵੀ ਕਰਮਵੀਰ ਨੇ ਹੀ ਦਿੱਤੇ ਸਨ। ਅਦਾਲਤ ਨੇ ਪਾਇਆ ਕਿ ਕਰਮਵੀਰ ਦੀ ਰਿਹਾਇਸ਼ ਲਈ ਉਸ ਦੀਆਂ ਭੈਣਾਂ ਅਤੇ ਜੀਜੇ ਵੱਲੋਂ ਦਿੱਤੇ ਗਏ ਫੰਡਾਂ ਦਾ ਸਰੋਤ ਸ਼ੱਕੀ ਸੀ। ਇਸ ਕਾਰਨ ਜੱਜ ਨੇ ਉਸ ਨੂੰ ਰਿਹਾਅ ਕਰਨ ਦੇ ਫੈਸਲੇ ਨੂੰ ਰੱਦ ਕਰ ਦਿੱਤਾ। ਮੌਜੂਦਾ ਸਮੇਂ ਵਿੱਚ ਕਰਮਵੀਰ ਸਿੰਘ ਵਿਰੁੱਧ ਕੈਨੇਡਾ ਵਿੱਚ ਦੇਸ਼ ਨਿਕਾਲੇ ਦੀ ਕਾਰਵਾਈ ਚੱਲ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News