ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਅੱਜ ਤੋਂ ਭਾਰਤ ਦਾ 2 ਦਿਨਾ ਦੌਰਾ ਕਰੇਗੀ ਸ਼ੁਰੂ
Monday, Feb 06, 2023 - 10:15 AM (IST)
ਨਵੀਂ ਦਿੱਲੀ (ਭਾਸ਼ਾ)- ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਆਪਣੇ ਭਾਰਤੀ ਹਮਰੁਤਬਾ ਐੱਸ. ਜੈਸ਼ੰਕਰ ਨਾਲ ਵਿਆਪਕ ਗੱਲਬਾਤ ਕਰਨ ਲਈ ਉਹ ਸੋਮਵਾਰ ਤੋਂ ਯਾਨੀ ਅੱਜ ਤੋਂ ਭਾਰਤ ਦਾ 2 ਦਿਨਾ ਦੌਰਾ ਸ਼ੁਰੂ ਕਰੇਗੀ। ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਦੋਵਾਂ ਵਿਦੇਸ਼ ਮੰਤਰੀਆਂ ਵਿਚਾਲੇ ਗੱਲਬਾਤ ਹੋਵੇਗੀ। ਉਨ੍ਹਾਂ ਕਿਹਾ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਹੁਲਾਰਾ ਦੇਣ ਤੋਂ ਇਲਾਵਾ, ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਚੀਨ ਦੀ ਵਧ ਰਹੀ ਫ਼ੌਜੀ ਸ਼ਕਤੀ ਨੂੰ ਲੈ ਕੇ ਵਧ ਰਹੀ ਵਿਸ਼ਵ ਚਿੰਤਾ ਦੇ ਪਿਛੋਕੜ ਵਿੱਚ ਇਸ ਖੇਤਰ ਵਿੱਚ ਸਹਿਯੋਗ 'ਤੇ ਧਿਆਨ ਦੇਣ ਦੀ ਵੀ ਉਮੀਦ ਹੈ।
ਕੈਨੇਡਾ ਨੇ ਨਵੰਬਰ ਵਿੱਚ ਹਿੰਦ-ਪ੍ਰਸ਼ਾਂਤ ਲਈ ਇੱਕ ਵਿਆਪਕ ਰਣਨੀਤੀ ਬਣਾਈ ਸੀ, ਜਿਸਦਾ ਉਦੇਸ਼ ਇਸ ਖੇਤਰ ਵਿੱਚ ਸ਼ਾਂਤੀ, ਲਚਕੀਲਾਪਣ ਅਤੇ ਸੁਰੱਖਿਆ ਨੂੰ ਉਤਸ਼ਾਹਿਤ ਕਰਨਾ ਹੈ। ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ਨੇ ਵੀ ਭਾਰਤ ਨੂੰ ਇਸ ਖੇਤਰ ਵਿੱਚ ਇੱਕ ਪ੍ਰਮੁੱਖ ਦੇਸ਼ ਵਜੋਂ ਸੂਚੀਬੱਧ ਕੀਤਾ ਅਤੇ ਕਿਹਾ ਕਿ ਓਟਾਵਾ ਨਵੀਂ ਦਿੱਲੀ ਨਾਲ ਆਰਥਿਕ ਸਬੰਧਾਂ ਨੂੰ ਵਧਾਉਣ 'ਤੇ ਧਿਆਨ ਕੇਂਦਰਿਤ ਕਰੇਗਾ।