ਕੈਨੇਡੀਅਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਕ ਵਾਰ ਫਿਰ ਲੁੱਟਿਆ ਦਿਲ, ਮੁਆਫੀ ਮੰਗ ਕੇ ਦਿਖਾਈ ਸੱਜਣਤਾ (ਤਸਵੀਰਾਂ)

07/13/2017 5:59:18 PM

ਓਲੀਵਰ— ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਕ ਵਾਰ ਫਿਰ ਆਪਣੀ ਸਹਿਣਸ਼ੀਲਤਾ ਅਤੇ ਹਲੀਮੀ ਦਾ ਪ੍ਰਗਟਾਵਾ ਕਰਦੇ ਹੋਏ ਸਾਰਿਆਂ ਦਾ ਮਨ ਮੋਹ ਲਿਆ। ਬੀਤੇ ਦਿਨੀਂ ਕੈਨੇਡਾ ਦੀਆਂ ਸੜਕਾਂ 'ਤੇ ਚੈਰੀ ਦੀਆਂ ਗਿਟਕਾਂ ਸੁੱਟਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਨ੍ਹਾਂ ਨੂੰ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ। ਪੰਮਾ ਚੌਹਾਨ ਨਾਂ ਦੇ ਪੰਜਾਬੀ ਵਿਅਕਤੀ ਨੇ ਉਨ੍ਹਾਂ ਦੀ ਇਹ ਵੀਡੀਓ ਵਾਇਰਲ ਕਰ ਦਿੱਤੀ ਸੀ। ਇਸ ਮਾਮਲੇ ਵਿਚ ਹਰਜੀਤ ਸਿੰਘ ਸੱਜਣ ਨੇ ਆਪਣੀ ਗਲਤੀ ਮੰਨਦੇ ਹੋਏ ਮੁਆਫੀ ਮੰਗੀ। ਦੂਜੇ ਪਾਸੇ ਵੀਡੀਓ ਬਣਾਉਣ ਵਾਲੇ ਵਿਅਕਤੀ ਨੇ ਵੀ ਸੰਗਤਾਂ ਦੀ ਹਾਜ਼ਰੀ ਵਿਚ ਆਪਣੇ ਦੁਰਵਿਵਹਾਰ ਲਈ ਮੁਆਫੀ ਮੰਗ ਲਈ ਹੈ। 
ਇਸ ਘਟਨਾ ਨੂੰ ਲੈ ਕੇ ਪੰਜਾਬੀ ਭਾਈਚਾਰੇ ਵਿਚ ਕਾਫੀ ਰੋਸ ਸੀ। ਉਨ੍ਹਾਂ ਨੇ ਓਲੀਵਰ ਗੁਰਦੁਆਰਾ ਸਾਹਿਬ ਵਿਖੇ ਸੱਜਣ ਨੂੰ ਬੁਲਾ ਕੇ ਉਨ੍ਹਾਂ ਤੋਂ ਵੀਡੀਓ ਬਣਾਉਣ ਵਾਲੇ ਸ਼ਖਸ ਵੱਲੋਂ  ਮੁਆਫੀ ਮੰਗੀ ਪਰ ਸੱਜਣ ਨੇ ਕਿਹਾ ਕਿ ਅਸਲ ਵਿਚ ਗਲਤੀ ਤਾਂ ਉਨ੍ਹਾਂ ਦੀ ਹੀ ਸੀ। ਹਾਲਾਂਕਿ ਉਨ੍ਹਾਂ ਮੰਨਿਆ ਕਿ ਵੀਡੀਓ ਬਣਾਉਣ ਵਾਲੇ ਵਿਅਕਤੀ ਦਾ ਵਿਵਹਾਰ ਸਹੀ ਨਹੀਂ ਸੀ। ਗੁਰਦੁਆਰਾ ਸਾਹਿਬ ਵਿਖੇ ਹਰਜੀਤ ਸਿੰਘ ਸੱਜਣ ਨੂੰ ਸਿਰੋਪਾਓ ਦੇ ਕੇ ਸਨਮਾਨਤ ਕੀਤਾ ਗਿਆ। ਸੰਗਤ ਨੂੰ ਸੰਬੋਧਨ ਕਰਦੇ ਹੋਏ ਸੱਜਣ ਨੇ ਕਈ ਵਾਰ ਆਪਣੀ ਗਲਤੀ 'ਤੇ ਪਛਤਾਵੇ ਦਾ ਇਜ਼ਹਾਰ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਨਸਾਨ ਹਾਂ, ਗਲਤੀ ਕਿਸੇ ਤੋਂ ਵੀ ਹੋ ਸਕਦੀ ਹੈ। ਆਪਣੇ ਰੁਝੇਵਿਆਂ ਦੇ ਬਾਵਜੂਦ ਸੱਜਣ ਨੇ ਗੁਰਦੁਆਰਾ ਸਾਹਿਬ ਵਿਖੇ ਖੁੱਲ੍ਹਾ ਸਮਾਂ ਬਤੀਤ ਕੀਤਾ ਅਤੇ ਆਪਣੇ ਅਣਮੁੱਲੇ ਵਿਚਾਰ ਸਾਂਝੇ ਕੀਤੇ।


Kulvinder Mahi

News Editor

Related News