ਟਰੂਡੋ ਸਰਕਾਰ ਦਾ ਕੋਵਿਡ-19 ਦੀ ਡਿਊਟੀ 'ਚ ਲੱਗੇ ਸੁਰੱਖਿਆ ਬਲਾਂ ਨੂੰ ਤੋਹਫਾ
Saturday, Jun 20, 2020 - 03:32 PM (IST)
ਓਟਾਵਾ— ਕੋਵਿਡ-19 ਯਾਨੀ ਕੋਰੋਨਾ ਵਾਇਰਸ ਕਾਰਨ ਫਰੰਟ ਲਾਈਨ 'ਤੇ ਡਿਊਟੀ ਦੇ ਰਹੇ ਕੈਨੇਡੀਅਨ ਸੁਰੱਖਿਆ ਬਲਾਂ ਦੇ ਕਰਮਚਾਰੀਆਂ ਨੂੰ ਟਰੂਡੋ ਸਰਕਾਰ ਤਨਖਾਹ ਦੇ ਨਾਲ ਵਾਧੂ ਬੋਨਸ ਦੇਣ ਜਾ ਰਹੀ ਹੈ। ਨੈਸ਼ਨਲ ਡਿਫੈਂਸ ਦਾ ਕਹਿਣਾ ਹੈ ਕਿ ਓਂਟਾਰੀਓ ਤੇ ਕਿਊਬਿਕ ਅਤੇ ਹੋਰਨਾਂ ਥਾਵਾਂ 'ਤੇ ਲੰਮੇ ਸਮੇਂ ਤੋਂ ਦੇਖਭਾਲ ਦੀਆਂ ਸਹੂਲਤਾਂ ਲਈ ਤਾਇਨਾਤ ਸੁਰੱਖਿਆ ਬਲਾਂ ਨੂੰ ਪ੍ਰਤੀ ਦਿਨ 78 ਡਾਲਰ ਵਾਧੂ ਅਦਾ ਕੀਤੇ ਜਾਣਗੇ।
ਸਰਕਾਰ ਦਾ ਕਹਿਣਾ ਹੈ ਕਿ ਸੁਰੱਖਿਆ ਕਰਮਚਾਰੀ ਆਪਣੇ ਸਾਰੀਆਂ ਸ਼ਿਫਟਾਂ ਨੂੰ ਪੂਰੇ ਨਿੱਜੀ ਸੁਰੱਖਿਆ ਉਪਕਰਣ ਪਾ ਕੇ ਦਿਨ 'ਚ 12 ਘੰਟੇ ਤੱਕ ਡਿਊਟੀ ਦੇ ਰਹੇ ਹਨ। ਇਨ੍ਹਾਂ 'ਚੋਂ ਬਹੁਤ ਸਾਰੇ ਇਸ ਸੰਕਟ ਭਰੇ ਸਮੇਂ ਦੌਰਾਨ ਆਪਣੇ ਪਰਿਵਾਰਾਂ ਤੋਂ ਦੂਰ ਰਹਿ ਕੇ ਸੇਵਾ ਨਿਭਾ ਰਹੇ ਹਨ।
ਮਿਲਟਰੀ ਦਾ ਅੰਦਾਜ਼ਾ ਹੈ ਕਿ ਸਰਕਾਰ ਦੇ ਇਸ ਫੈਸਲੇ ਨਾਲ ਸੁਰੱਖਿਆ ਬਲਾਂ ਦੇ ਲਗਭਗ 4,500 ਕਰਮਚਾਰੀਆਂ ਨੂੰ ਫਾਇਦਾ ਹੋਵੇਗਾ।
ਰੱਖਿਆ ਮੰਤਰੀ ਹਰਜੀਤ ਸੱਜਣ ਨੇ ਕਿਹਾ, ''ਮਹਾਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਸਾਡੇ ਸੁਰੱਖਿਆ ਬਲ ਆਪਣੀ ਸਿਹਤ ਅਤੇ ਸੁਰੱਖਿਆ ਲਈ ਜੋਖਮ ਹੋਣ ਦੇ ਬਾਵਜੂਦ ਹਮੇਸ਼ਾ ਦੀ ਤਰ੍ਹਾਂ ਇਮਾਨਦਾਰੀ ਨਾਲ ਡਿਊਟੀ ਨਿਭਾ ਰਹੇ ਹਨ, ਜਿਵੇਂ ਕਿ ਉਹ ਕਰਦੇ ਰਹੇ ਹਨ।'' ਉਨ੍ਹਾਂ ਕਿਹਾ ਇਹ ਬੋਨਸ ਸੁਰੱਖਿਆ ਬਲਾਂ ਦੇ ਪ੍ਰਤੀ ਸਾਡਾ ਸਤਿਕਾਰ ਹੈ, ਜਿਨ੍ਹਾਂ ਨੇ ਚੁਣੌਤੀਪੂਰਨ ਸਮੇਂ ਦੌਰਾਨ ਸਾਡੇ ਪਰਿਵਾਰ ਦੇ ਮੈਂਬਰਾਂ ਅਤੇ ਪਿਆਰਿਆਂ ਨੂੰ ਸੁਰੱਖਿਅਤ ਰੱਖਣ ਲਈ ਸਖਤ ਮਿਹਨਤ ਕੀਤੀ ਹੈ।