ਰੱਖਿਆ ਉੱਤੇ ਪਹਿਲਾਂ ਨਾਲੋਂ ਜ਼ਿਆਦਾ ਖਰਚਾ ਕਰੇਗਾ ਕੈਨੇਡਾ : ਸੱਜਣ

02/17/2017 10:29:26 AM

ਓਟਾਵਾ— ਵੀਰਵਾਰ ਨੂੰ ਬਰਸਲਜ਼ ਵਿਚ ਨਾਟੋ ਆਗੂਆਂ ਨਾਲ ਮੁਲਾਕਾਤ ਦੌਰਾਨ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਕਿਹਾ ਕਿ ਆਪਣੀ ਰੱਖਿਆ ਨੀਤੀ ਦੇ ਮੁਲਾਂਕਣ ਸਮੇਂ ਕੈਨੇਡਾ ਰੱਖਿਆ ਵਾਲੇ ਖੇਤਰ ਵਿਚ ਨਵਾਂ ਨਿਵੇਸ਼ ਕਰ ਸਕਦਾ ਹੈ। ਹਾਲਾਂਕਿ ਇਸ ਦੌਰਾਨ ਸੱਜਣ ਨੇ ਫੌਜੀ ਗੱਠਜੋੜ ''ਨਾਟੋ'' ਵਿਚ ਹਿੱਸੇਦਾਰੀ ਸੰਬੰਧੀ ਕੋਈ ਨਵਾਂ ਵਾਅਦਾ ਕਰਨ ਤੋਂ ਕਿਨਾਰਾ ਕਰ ਲਿਆ। ਇੱਥੇ ਦੱਸ ਦੇਈਏ ਕਿ ਡੋਨਾਲਡ ਟਰੰਪ ਵੱਲੋਂ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ ਕਿ ਨਾਟੋ ਮੈਂਬਰਾਂ ਵੱਲੋਂ ਇਸ ਗੱਠਜੋੜ ਲਈ ਆਪਣੀ ਪੂਰੀ ਹਿੱਸੇਦਾਰੀ ਨਹੀਂ ਪਾਈ ਜਾ ਰਹੀ ਪਰ ਸੱਜਣ ਨੇ ਇਸ ਬਾਰੇ ਕੁਝ ਵੀ ਬੋਲਣ ਤੋਂ ਇਕਨਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ ਦੇ ਰੱਖਿਆ ਮੰਤਰੀ ਜੇਮਜ਼ ਮੈਟੀਜ਼ ਨਾਲ ਗੱਲ ਕੀਤੀ ਹੈ। ਮੈਟੀਜ਼ ਨੇ ਬੁੱਧਵਾਰ ਨੂੰ ਕਿਹਾ ਸੀ ਕਿ ਅਮਰੀਕਾ ਆਪਣੀਆਂ ਨਾਟੋ ਪ੍ਰਤੀ ਜ਼ਿੰਮੇਵਾਰੀਆਂ ਨਿਭਾਅ ਰਿਹਾ ਹੈ ਪਰ ਇਸ ਗੱਠਜੋੜ ਦੀ ਆਰਥਿਕ ਪੱਖੋਂ ਹੋਰ ਮਦਦ ਕਰਨ ਦੀ ਲੋੜ ਹੈ। ਨਾਟੋ ਦਾ ਕਹਿਣਾ ਹੈ ਕਿ ਇਸ ਗੱਠਜੋੜ ਦੇ ਮੈਂਬਰ ਦੇਸ਼ ਆਪਣੇ ਕੁੱਲ ਉਤਪਾਦਨ ਦਾ ਦੋ ਫੀਸਦੀ ਰੱਖਿਆ ''ਤੇ ਖਰਚ ਕਰਨ, ਜਦੋਂ ਕਿ ਮੌਜੂਦਾ ਸਮੇਂ ਵਿਚ ਕੈਨੇਡਾ ਇਸ ਗੱਠਜੋੜ ''ਤੇ ਆਪਣੇ ਕੁੱਲ ਉਤਪਾਦਨ ਦਾ ਸਿਰਫ ਇਕ ਫੀਸਦੀ ਹੀ ਖਰਚ ਰਿਹਾ ਹੈ। ਲੰਬੇ ਸਮੇਂ ਤੋਂ ਅਮਰੀਕਾ ਵੱਲੋਂ ਕੈਨੇਡਾ ''ਤੇ ਇਸ ਖਰਚੇ ਨੂੰ ਵਧਾਉਣ ਦਾ ਦਬਾਅ ਬਣਾਇਆ ਜਾ ਰਿਹਾ ਹੈ। 
ਦੂਜੇ ਪਾਸੇ ਸੱਜਣ ਨੇ ਕਿਹਾ ਲਤਾਵੀਆ ਵਿਚ ਫੌਜੀ ਟੁੱਕੜੀਆਂ ਭੇਜ ਕੇ ਅਤੇ ਮਲਟੀਨੈਸ਼ਨਲ ਨਾਟੋ ਮਿਸ਼ਨ ਦੀ ਅਗਵਾਈ ਕਰਕੇ ਕੈਨੇਡਾ ਨਾਟੋ ਪ੍ਰਤੀ ਆਪਣੀ ਵਚਨਬੱਧਤਾ ਦਾ ਹੀ ਮੁਜ਼ਾਹਰਾ ਕਰ ਰਿਹਾ ਹੈ। ਸੱਜਣ ਨੇ ਇਹ ਵੀ ਕਿਹਾ ਕਿ ਨਾਟੋ ਵਿਚ ਜਿਹੋ ਜਿਹਾ ਪ੍ਰਭਾਵ ਸਾਨੂੰ ਚਾਹੀਦਾ ਹੈ, ਉਸ ਲਈ ਰੱਖਿਆ ਨੀਤੀ ਦੇ ਮੁਲਾਂਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਰੱਖਿਆ ਮੰਤਰੀ ਵਜੋਂ ਅਜਿਹਾ ਕਰਨਾ ਉਨ੍ਹਾਂ ਦੇ ਕੰਮ ਦਾ ਹੀ ਹਿੱਸਾ ਹੈ। ਸੱਜਣ ਨੇ ਕੈਨੇਡਾ ਦੀਆਂ ਰੱਖਿਆ ਲੋੜਾਂ ''ਤੇ ਵਧੇਰੇ ਖਰਚਾ ਕਰਨ ਦੀ ਲੋੜ ''ਤੇ ਜ਼ੋਰ ਦਿੱਤਾ ਪਰ ਇਹ ਨਿਵੇਸ਼ ਕਿਵੇਂ ਅਤੇ ਕਿੱਥੇ ਕੀਤਾ ਜਾਵੇਗਾ, ਇਸ ਬਾਰੇ ਉਨ੍ਹਾਂ ਕੁਝ ਨਹੀਂ ਦੱਸਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਰੱਖਿਆ ਨੀਤੀਆਂ ਵਿਚ ਨਾਟੋ ਸੰਬੰਧੀ ਨੀਤੀਆਂ ਵੀ ਸ਼ਾਮਲ ਹਨ। ਸੱਜਣ ਨਾਟੋ ਦੇ ਸਕੱਤਰ ਜਨਰਲ ਜੈਨਜ਼ ਸਟੌਟਨਬਰਗ ਦੇ ਨਾਲ-ਨਾਲ ਆਸਟਰੇਲੀਆ, ਫਰਾਂਸ, ਜਰਮਨੀ, ਪੁਰਤਗਾਲ, ਸਲੋਵੇਨੀਆ ਤੇ ਯੂਨਾਈਟਿਡ ਕਿੰਗਡਮ ਦੇ ਮੰਤਰੀਆਂ ਨਾਲ ਵੀ ਦੁਵੱਲੀ ਮੁਲਾਕਾਤ ਕਰਨਗੇ। ਉਹ ਮਿਊਨਿਖ ਸਕਿਓਰਿਟੀ ਕਾਨਫਰੰਸ ਲਈ ਜਰਮਨੀ ਜਾਣਗੇ।

Kulvinder Mahi

News Editor

Related News