ਕੈਨੇਡਾ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

Tuesday, Sep 10, 2019 - 11:52 AM (IST)

ਕੈਨੇਡਾ ''ਚ ਸਜਾਇਆ ਗਿਆ ਵਿਸ਼ਾਲ ਨਗਰ ਕੀਰਤਨ

ਮਾਲਟਨ— ਕੈਨੇਡਾ ਦੇ ਮਾਲਟਨ 'ਚ ਬੀਤੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।  ਮਿਸੀਗਾਸਾ ਦੇ ਇਸ ਇਲਾਕੇ 'ਚ ਸੰਗਤਾਂ ਦਾ ਉਤਸ਼ਾਹ ਦੇਖਣ ਵਾਲਾ ਸੀ। ਦੁਪਹਿਰ ਇਕ ਕੁ ਵਜੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਤੋਂ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸੰਗਤਾਂ ਏਅਰਪੋਰਟ ਰੋਡ, ਮਾਰਨਿੰਗ ਸਟਾਰ , ਗੋਰਵੇ ਡਰਾਈਵ ਅਤੇ ਡੈਰੀ ਰੋਡ ਤੋਂ ਹੁੰਦੇ ਹੋਏ ਵਾਪਸ ਗੁਰੂ ਘਰ ਪੁੱਜੀਆਂ। ਇੱਥੇ ਲੰਗਰ ਦਾ ਖੁੱਲ੍ਹਾ ਪ੍ਰਬੰਧ ਕੀਤਾ ਗਿਆ ਸੀ।

ਸੰਗਤਾਂ ਵਲੋਂ ਜੋ ਫੁੱਲ-ਭੇਟ ਚੜ੍ਹਾਏ ਗਏ, ਉਸ ਨਾਲ ਪੰਜਾਬ 'ਚ ਹੜ੍ਹਾਂ ਦੀ ਮਾਰ ਸਹਿਣ ਕਰ ਰਹੇ ਲੋਕਾਂ ਦੀ ਮਦਦ ਕੀਤੀ ਜਾਵੇਗੀ। ਤੁਹਾਨੂੰ ਦੱਸ ਦਈਏ ਕਿ ਨਗਰ ਕੀਰਤਨ ਤੋਂ ਇਕ ਦਿਨ ਪਹਿਲਾਂ ਇੱਥੇ ਅੰਮ੍ਰਿਤ ਸੰਚਾਰ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਇਸ ਮੌਕੇ 44 ਪ੍ਰਾਣੀਆਂ ਨੇ ਅੰਮ੍ਰਿਤ ਛਕਿਆ।

ਜ਼ਿਕਰਯੋਗ ਹੈ ਕਿ ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਜੋ ਸਮੇਂ-ਸਮੇਂ 'ਤੇ ਧਾਰਮਿਕ ਸਮਾਗਮ ਕਰਵਾਉਂਦਾ ਰਹਿੰਦਾ ਹੈ ਤਾਂ ਕਿ ਬੱਚਿਆਂ ਨੂੰ ਵੀ ਆਪਣੇ ਧਰਮ ਨਾਲ ਜੋੜ ਕੇ ਰੱਖਿਆ ਜਾ ਸਕੇ।


Related News