ਅਮਰੀਕੀ H-1B ਵੀਜ਼ਾ ਧਾਰਕਾਂ ਲਈ ਕੈਨੇਡਾ ਨੇ ਕੀਤਾ ਵੱਡਾ ਐਲਾਨ, ਪਰਿਵਾਰਾਂ ਨੂੰ ਵੀ ਮਿਲੇਗਾ ਫ਼ਾਇਦਾ
Wednesday, Jun 28, 2023 - 11:07 AM (IST)
ਓਟਾਵਾ (ਏਜੰਸੀ): ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜ਼ਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸਰਕਾਰ 10,000 ਅਮਰੀਕੀ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਦੇਸ਼ ਵਿੱਚ ਆਉਣ ਅਤੇ ਕੰਮ ਕਰਨ ਦੀ ਆਗਿਆ ਦੇਣ ਲਈ 16 ਜੁਲਾਈ 2023 ਤੋਂ ਇੱਕ ਓਪਨ ਵਰਕ-ਪਰਮਿਟ ਸਟ੍ਰੀਮ ਸ਼ੁਰੂ ਕਰੇਗਾ। ਅਧਿਕਾਰਤ ਬਿਆਨ ਵਿੱਚ ਕੈਨੇਡਾ ਦੇ ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਨਾਗਰਿਕਤਾ ਮੰਤਰਾਲਾ ਨੇ ਕਿਹਾ ਕਿ ਇਨ੍ਹਾਂ H-1B ਵੀਜ਼ਾ ਧਾਰਕਾਂ ਦੇ ਨਾਲ ਆਉਣ ਵਾਲੇ ਪਰਿਵਾਰਕ ਮੈਂਬਰ ਵੀ ਸਟਡੀ ਜਾਂ ਵਰਕ ਪਰਮਿਟ ਲਈ ਅਪਲਾਈ ਕਰਨ ਦੇ ਯੋਗ ਹੋਣਗੇ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ, ਕੈਨੇਡਾ 'ਚ ਹੁਣ ਵਰਕ ਪਰਮਿਟ ਧਾਰਕ ਬਿਨਾਂ ਸਟੱਡੀ ਪਰਮਿਟ ਦੇ ਦੇਸ਼ 'ਚ ਕਰ ਸਕਦੇ ਹਨ ਪੜ੍ਹਾਈ
ਰੀਲੀਜ਼ ਵਿੱਚ ਲਿਖਿਆ ਗਿਆ ਹੈ ਕਿ, "ਹਾਈ-ਤਕਨੀਕੀ ਖੇਤਰਾਂ ਵਿੱਚ ਹਜ਼ਾਰਾਂ ਕਾਮੇ ਉਹਨਾਂ ਕੰਪਨੀਆਂ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਦਾ ਕੈਨੇਡਾ ਅਤੇ ਅਮਰੀਕਾ ਦੋਵਾਂ ਵਿੱਚ ਵੱਡੇ Operations ਹਨ, ਅਤੇ ਅਮਰੀਕਾ ਵਿੱਚ ਕੰਮ ਕਰਨ ਵਾਲਿਆਂ ਕੋਲ ਅਕਸਰ H-1B ਸਪੈਸ਼ਲਿਟੀ ਕਿੱਤਾ ਵੀਜ਼ਾ ਹੁੰਦਾ ਹੈ। 16 ਜੁਲਾਈ, 2023 ਤੱਕ, ਅਮਰੀਕਾ ਵਿੱਚ H-1B ਸਪੈਸ਼ਲਿਟੀ ਕਿੱਤਾ ਵੀਜ਼ਾ ਧਾਰਕ ਅਤੇ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰ ਕੈਨੇਡਾ ਆਉਣ ਲਈ ਅਪਲਾਈ ਕਰਨ ਦੇ ਯੋਗ ਹੋਣਗੇ।" ਨਵੇਂ ਫੈਸਲੇ ਦੇ ਤਹਿਤ ਪ੍ਰਵਾਨਿਤ ਬਿਨੈਕਾਰਾਂ ਨੂੰ 3 ਸਾਲ ਤੱਕ ਦੀ ਮਿਆਦ ਦਾ ਓਪਨ ਵਰਕ ਪਰਮਿਟ ਮਿਲੇਗਾ। ਰੀਲੀਜ਼ ਵਿੱਚ ਅੱਗੇ ਕਿਹਾ ਗਿਆ ਹੈ, "ਉਹ ਕੈਨੇਡਾ ਵਿੱਚ ਕਿਤੇ ਵੀ ਲਗਭਗ ਕਿਸੇ ਵੀ ਰੁਜ਼ਗਾਰਦਾਤਾ ਲਈ ਕੰਮ ਕਰਨ ਦੇ ਯੋਗ ਹੋਣਗੇ। ਉਹਨਾਂ ਦੇ ਜੀਵਨ ਸਾਥੀ ਅਤੇ ਆਸ਼ਰਿਤ ਵੀ ਲੋੜ ਪੈਣ 'ਤੇ ਵਰਕ ਜਾਂ ਸਟਡੀ ਪਰਮਿਟ ਦੇ ਨਾਲ ਅਸਥਾਈ ਨਿਵਾਸੀ ਵੀਜ਼ਾ ਲਈ ਅਰਜ਼ੀ ਦੇਣ ਦੇ ਯੋਗ ਹੋਣਗੇ।"
ਕੈਨੇਡਾ ਸਥਿਤ ਸੀ.ਬੀ.ਸੀ. ਨਿਊਜ਼ ਅਨੁਸਾਰ, ਫਰੇਜ਼ਰ ਨੇ ਕਿਹਾ ਕਿ ਇਸ ਸਾਲ ਦੇ ਅੰਤ ਤੱਕ ਫੈਡਰਲ ਸਰਕਾਰ ਦੁਨੀਆ ਦੇ ਕੁਝ ਸਭ ਤੋਂ ਪ੍ਰਤਿਭਾਸ਼ਾਲੀ ਲੋਕਾਂ ਲਈ ਇੱਕ ਇਮੀਗ੍ਰੇਸ਼ਨ ਸਟ੍ਰੀਮ ਵਿਕਸਤ ਕਰੇਗੀ, ਜਿਸ ਤਹਿਤ ਤਕਨੀਕੀ ਕੰਪਨੀਆਂ ਵਿਚ ਕੰਮ ਕਰਨ ਲਈ ਐੱਚ-1ਬੀ ਵੀਜ਼ਾ ਧਾਰਕ ਕੈਨੇਡਾ ਆ ਸਕਣਗੇ। ਹਾਲਾਂਕਿ, ਇਮੀਗ੍ਰੇਸ਼ਨ ਮੰਤਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੌਣ ਯੋਗ ਹੋਵੇਗਾ ਜਾਂ ਕਿੰਨੇ ਲੋਕਾਂ ਨੂੰ ਇਸ ਸਟ੍ਰੀਮ ਵਿੱਚ ਦਾਖ਼ਲ ਕੀਤਾ ਜਾਵੇਗਾ। ਦੱਸ ਦੇਈਏ ਕਿ H-1B ਵੀਜ਼ਾ ਵਿਦੇਸ਼ੀ ਨਾਗਰਿਕਾਂ ਨੂੰ ਕੁਝ ਖਾਸ ਕਿੱਤਿਆਂ ਵਿੱਚ ਅਮਰੀਕਾ ਵਿੱਚ ਅਸਥਾਈ ਤੌਰ 'ਤੇ ਕੰਮ ਕਰਨ ਦੀ ਇਜਾਜ਼ਤ ਦਿੰਦਾ ਹੈ, ਜਿਸ ਵਿੱਚ ਤਕਨਾਲੋਜੀ ਖੇਤਰ ਵੀ ਸ਼ਾਮਲ ਹੈ। ਤਕਨੀਕੀ ਕੰਪਨੀਆਂ ਨੇ ਮਹਾਂਮਾਰੀ ਦੌਰਾਨ ਕਾਫ਼ੀ ਭਰਤੀਆਂ ਕੀਤੀਆਂ ਪਰ ਉਸ ਦੇ ਬਾਅਧ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਨੌਕਰੀ ਤੋਂ ਕੱਢਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਬਹੁਤ ਸਾਰੇ ਐੱਚ-1ਬੀ ਵੀਜ਼ਾ ਧਾਰਕਾਂ ਨੂੰ ਨਵੀਆਂ ਨੌਕਰੀਆਂ ਲੱਭਣ ਲਈ ਇੱਧਰ-ਉੱਧਰ ਭਟਕਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਨਿਊਯਾਰਕ 'ਚ ਹੁਣ ਦੀਵਾਲੀ 'ਤੇ ਸਕੂਲਾਂ 'ਚ ਹੋਵੇਗੀ ਛੁੱਟੀ, ਭਾਰਤੀਆਂ 'ਚ ਖ਼ੁਸ਼ੀ ਦੀ ਲਹਿਰ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।