ਅਮਰੀਕਾ ਨੂੰ ਝਟਕਾ, ਆਸਟ੍ਰੇਲੀਆ ਕੋਲੋਂ ਐੱਫ/ਏ-18 ਲੜਾਕੂ ਜਹਾਜ਼ ਖਰੀਦੇਗਾ ਕੈਨੇਡਾ

12/13/2017 11:45:35 PM

ਓਟਾਵਾ— ਕੈਨੇਡਾ ਨੇ ਅਮਰੀਕਾ ਨਾਲ ਇਕ ਵਪਾਰਕ ਵਿਵਾਦ ਕਾਰਨ ਬੋਇੰਗ ਕੋਲੋਂ 18 ਨਵੇਂ ਐੱਫ/ਏ- ਸੁਪਰ ਹੌਰਨਟ ਲੜਾਕੂ ਜਹਾਜ਼ ਖਰੀਦਣ ਦੀ ਯੋਜਨਾ ਫਿਲਹਾਲ ਟਾਲ ਦਿੱਤੀ ਹੈ। ਇਸ ਦੀ ਬਜਾਏ ਕੈਨੇਡਾ ਹੁਣ ਆਸਟ੍ਰੇਲੀਆ ਕੋਲੋਂ ਹੀ ਵਰਤੇ ਗਏ ਤੇ ਪੁਰਾਣੇ ਐੱਫ/ਏ-18 ਲੜਾਕੂ ਜਹਾਜ਼ ਖਰੀਦੇਗਾ। 5.23 ਬਿਲੀਅਨ ਡਾਲਰ ਦੇ ਇਸ ਸਮਝੋਤੇ ਦਾ ਨੁਕਸਾਨ ਬੋਇੰਗ ਲਈ ਤਗੜਾ ਝਟਕਾ ਹੈ।
ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਇਕ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਆਸਟ੍ਰੇਲੀਆ ਵਲੋਂ ਸਾਨੂੰ ਲੜਾਕੂ ਜਹਾਜ਼ਾਂ ਸਬੰਧੀ ਇਕ ਰਸਮੀ ਪੇਸ਼ਕਸ਼ ਕੀਤੀ ਗਈ ਸੀ ਤੇ ਅਸੀਂ ਉਹ ਸਵਿਕਾਰ ਕਰ ਲਈ ਹੈ। ਦੱਸਣਯੋਗ ਹੈ ਅਮਰੀਕਾ ਦੀ ਹਵਾਈ ਕੰਪਨੀ ਐਰੋਸਪੇਸ ਕੈਨੇਡਾ ਦੀ ਉੱਚ ਕੋਟੀ ਦੀ ਜਹਾਜ਼ ਕੰਪਨੀ ਬੰਬਾਰਡੀਅਰ ਖਿਲਾਫ ਲਗਾਤਾਰ ਵਪਾਰਕ ਸ਼ਿਕਾਇਤ ਕਰਦੀ ਆ ਰਹੀ ਸੀ। ਇਸ 'ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਮਰੀਕੀ ਕੰਪਨੀ ਬੋਇੰਗ ਨਾਲ ਕਰਾਰ ਬੰਦ ਕਰਨ ਦੀ ਚਿਤਾਵਨੀ ਦਿੱਤੀ ਸੀ। ਇਸ ਮਗਰੋਂ ਇਹ ਕਦਮ ਚੁੱਕੇ ਗਏ ਹਨ।
ਅਮਰੀਕਨ ਕੰਪਨੀ ਬੋਇੰਗ ਨੇ ਕੈਨੇਡੀਅਨ ਬੰਬਾਰਡੀਅਰ ਕੰਪਨੀ 'ਤੇ ਦੋਸ਼ ਲਗਾਏ ਸਨ ਕਿ ਉਸ ਨੇ ਡੈਲਟਾ ਏਅਰ ਲਾਈਨਸ ਨੂੰ ਨਵੀਂ 'ਸੀ' ਸੀਰੀਜ਼ ਦੇ ਜਹਾਜ਼ ਬੇਹੱਦ ਘੱਟ ਰੇਟ 'ਤੇ ਵੇਚੇ। ਇਸ ਤੋਂ ਬਾਅਦ ਅਮਰੀਕੀ ਵਣਜ ਵਿਭਾਗ ਨੇ 'ਸੀ' ਸੀਰੀਜ਼ ਦੇ ਜਹਾਜ਼ਾਂ ਦੀ ਦਰਾਮਦ 'ਤੇ 300 ਫੀਸਦੀ ਟੈਕਸ ਲਗਾ ਦਿੱਤਾ ਪਰ ਬੰਬਾਰਡੀਅਰ ਨੇ ਬੋਇੰਗ ਵਲੋਂ ਲਾਏ ਇਨ੍ਹਾਂ ਟੈਕਸਾਂ ਤੋਂ ਪੱਲਾ ਝਾੜਦਿਆਂ ਕਿਹਾ ਸੀ ਕਿ ਉਸ ਨੇ ਕੋਈ ਨਜਾਇਜ਼ ਸਮਝੋਤਾ ਨਹੀਂ ਕੀਤਾ ਹੈ। ਅਮਰੀਕਾ ਵਲੋਂ ਲਾਏ ਟੈਕਸ 'ਤੇ ਫਰਵਰੀ ਦੇ ਅਖੀਰ 'ਚ ਆਖਰੀ ਗੱਲਬਾਤ ਹੋਣ ਦੀ ਉਮੀਦ ਹੈ।


Related News