ਕੈਨੇਡਾ ''ਚ ਕੋਰੋਨਾ ਦੀ ਰਫਤਾਰ ਹੋਈ ਮੱਧਮ, ਬੀਤੇ ਦੋ ਮਹੀਨਿਆਂ ''ਚ ਸਭ ਤੋਂ ਘੱਟ ਮੌਤਾਂ
Wednesday, Jun 03, 2020 - 02:08 AM (IST)
ਟੋਰਾਂਟੋ: ਕੋਰੋਨਾ ਵਾਇਰਸ ਨੇ ਜਿਥੇ ਪੂਰੀ ਦੁਨੀਆ ਵਿਚ ਆਪਣੀ ਦਹਿਸ਼ਤ ਬਣਾਈ ਹੋਈ ਹੈ ਉਥੇ ਹੀ ਕੈਨੇਡਾ ਵਿਚ ਇਸ ਦੀ ਰਫਤਾਰ ਮੱਧਮ ਪੈ ਗਈ ਹੈ। ਕੋਰੋਨਾ ਵਾਇਰਸ ਮਹਾਂਮਾਰੀ ਕਾਰਣ ਕੈਨੇਡਾ ਵਿਚ ਸੋਮਵਾਰ ਨੂੰ 31 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ, ਜੋ ਕਿ ਬੀਤੇ ਦੋ ਮਹੀਨਿਆਂ ਵਿਚ ਸਭ ਤੋਂ ਘੱਟ ਹਨ।
ਸੋਮਵਾਰ ਨੂੰ ਕੈਨੇਡਾ ਦੇ ਛੇ ਸੂਬਿਆਂ ਵਿਚ ਸਿਰਫ 759 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਸ ਦੌਰਾਨ ਬੀਤੇ ਇਕ ਹਫਤੇ ਦੌਰਾਨ ਨਵੇਂ ਮਾਮਲਿਆਂ ਦੀ ਗਿਣਤੀ 1000 ਤੋਂ ਹੇਠਾਂ ਹੀ ਰਹੀ ਹੈ। ਦੇਸ਼ ਵਿਚ ਹੁਣ ਕੋਵਿਡ-19 ਦੇ 91,694 ਪੁਸ਼ਟੀ ਕੀਤੇ ਮਾਮਲੇ ਹਨ, ਜਿਨ੍ਹਾਂ ਵਿਚੋਂ 7,326 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 49,739 ਲੋਕ ਕੋਰੋਨਾ ਵਾਇਰਸ ਨੂੰ ਹਰਾ ਕੇ ਆਪਣੇ ਘਰਾਂ ਨੂੰ ਪਰਤ ਗਏ ਹਨ। ਬੀਤੀ 2 ਅਪ੍ਰੈਲ ਨੂੰ ਕੋਰੋਨਾ ਵਾਇਰਸ ਕਾਰਣ 27 ਮੌਤਾਂ ਦਰਜ ਕੀਤੀਆਂ ਗਈਆਂ ਸਨ, ਜਿਸ ਤੋਂ ਬਾਅਦ ਸੋਮਵਾਰ ਨੂੰ ਸਭ ਤੋਂ ਘੱਟ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੈਨੇਡਾ ਵਿਚ ਬੀਤੇ ਕੁਝ ਹਫਤਿਆਂ ਤੋਂ 100 ਜਾਂ ਉਸ ਤੋਂ ਵਧੇਰੇ ਮੌਤਾਂ ਦਰਜ ਕੀਤੀਆਂ ਜਾ ਰਹੀਆਂ ਸਨ।
ਕੈਨੇਡਾ ਵਿਚ ਮਈ ਮਹੀਨੇ ਦੀ ਸ਼ੁਰੂਆਤ ਤੋਂ ਹੀ ਨਵੇਂ ਮਾਮਲੇ ਘਟਣੇ ਸ਼ੁਰੂ ਹੋ ਗਏ ਸਨ ਤੇ ਬੀਤੇ ਹਫਤੇ ਇਸ ਵਿਚ ਵੱਡੀ ਗਿਰਾਵਟ ਦਰਜ ਕੀਤੀ ਗਈ ਸੀ ਜਦੋਂ 29 ਮਾਰਚ ਤੋਂ ਬਾਅਦ ਪਹਿਲੀ ਵਾਰ ਇਕ ਦਿਨ ਵਿਚ ਸਿਰਫ 1000 ਮਾਮਲੇ ਦਰਜ ਕੀਤੇ ਗਏ ਸਨ।