ਕੈਨੇਡਾ ਦੀ ਖੂਫੀਆ ਏਜੰਸੀ ਨੂੰ ਪਹਿਲਾਂ ਹੀ ਅਟਵਾਲ ਸਬੰਧੀ ਦਿੱਤੀ ਜਾ ਚੁੱਕੀ ਸੀ ਚਿਤਾਵਨੀ

02/24/2018 3:04:18 AM

ਟੋਰਾਂਟੋ— ਕੈਨੇਡਾ ਦੇ ਮੀਡੀਆ 'ਚ ਆਈਆਂ ਖਬਰਾਂ 'ਚ ਸ਼ੁੱਕਰਵਾਰ ਨੂੰ ਕਿਹਾ ਗਿਆ ਕਿ ਕੈਨੇਡਾ ਦੀ ਖੂਫੀਆ ਏਜੰਸੀ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਭਾਰਤ ਫੇਰੀ ਦੌਰਾਨ ਉਨ੍ਹਾਂ ਦੇ ਪ੍ਰੋਗਰਾਮਾਂ 'ਚ ਖਾਲਿਸਤਾਨੀ ਸਮਰਥਕ ਜਸਪਾਲ ਅਟਵਾਲ ਦੀ ਮੌਜੂਦਗੀ ਦੇ ਨਤੀਜਿਆਂ ਬਾਰੇ ਚਿਤਾਵਨੀ ਦਿੱਤੀ ਸੀ। ਟਰੂਡੋ ਦੀ ਪਹਿਲੀ ਦੋ-ਪੱਖੀ ਭਾਰਤ ਯਾਤਰਾ ਦੌਰਾਨ ਨਵੀਂ ਦਿੱਲੀ 'ਚ ਤਾਇਨਾਤ ਕੈਨੇਡੀਅਨ ਹਾਈ ਕਮਿਸ਼ਨਰ ਵਲੋਂ ਅਟਵਾਲ ਨੂੰ ਦਿੱਤੇ ਗਏ ਰਾਤ ਦੇ ਖਾਣੇ ਦੇ ਸੱਦੇ ਦੇ ਮੁੱਦੇ 'ਤੇ ਵਿਵਾਦ ਪੈਦਾ ਹੋ ਗਿਆ ਹੈ।
ਅਟਵਾਲ ਨੂੰ 1986 'ਚ ਵੈਨਕੂਵਰ ਆਈਲੈਂਡ 'ਚ ਪੰਜਾਬ ਦੇ ਕੈਬਨਿਟ ਮੰਤਰੀ ਮਲਕੀਤ ਸਿੰਘ ਸਿੱਧੂ ਨੂੰ ਗੋਲੀ ਮਾਰਨ ਦੇ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਗਿਆ ਸੀ। ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨੇ ਵੀਰਵਾਰ ਰਾਤ ਟਰੂਡੋ ਦੇ ਲਈ ਆਯੋਜਿਤ ਰਾਤ ਦੇ ਖਾਣੇ ਦੇ ਲਈ ਅਟਵਾਲ ਦਾ ਸੱਦਾ ਰੱਦ ਕਰ ਦਿੱਤਾ, ਜਦਕਿ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਹ ਪਤਾ ਲਗਾਏਗਾ ਕਿ ਅਟਵਾਲ ਭਾਰਤ 'ਚ ਕਿਵੇਂ ਦਾਖਲ ਹੋਇਆ। ਸੂਚਨਾ ਦੇਣ ਵਾਲੇ ਵਿਅਕਤੀ ਨੇ ਆਪਣੀ ਪਹਿਚਾਨ ਦਾ ਖੁਲਾਸਾ ਨਾਲ ਕਰਨ ਦੀ ਸ਼ਰਤ 'ਤੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਉਸ ਨੇ 17 ਫਰਵਰੀ ਨੂੰ ਕੈਨੇਡੀਅਨ ਖੂਫੀਆ ਸੇਵਾ (ਸੀ.ਐੱਸ.ਆਈ.ਐੱਸ.) ਦੇ ਇਕ ਏਜੰਟ ਨਾਲ ਇਸ ਉਮੀਦ 'ਚ ਗੱਲ ਕੀਤੀ ਸੀ ਕਿ ਕੈਨੇਡੀਅਨ ਸਰਕਾਰ ਨੂੰ ਅਟਵਾਲ ਦੇ ਅਪਰਾਧਿਕ ਇਤਿਹਾਸ ਦੇ ਬਾਰੇ ਦੱਸ ਦਿੱਤਾ ਜਾਵੇ।
ਉਸ ਵਿਅਕਤੀ ਨੇ ਏਜੰਟ ਨੂੰ ਦੱਸਿਆ, ''ਇਹ ਪ੍ਰਧਾਨ ਮੰਤਰੀ ਲਈ ਸ਼ਰਮਿੰਦਗੀ ਦੀ ਗੱਲ ਹੈ ਤੇ ਸੀ.ਐੱਸ.ਆਈ.ਐੱਸ. ਨੂੰ ਪ੍ਰਧਾਨ ਮੰਤਰੀ ਦਫਤਰ 'ਚ ਇਕ ਨੋਟ ਭੇਜਣਾ ਚਾਹੀਦਾ ਹੈ ਤੇ ਉਨ੍ਹਾਂ ਨੇ ਨੋਟ ਭੇਜਿਆ।'' ਪੋਸਟ ਮੀਡੀਆ ਦੀ ਰਿਪੋਰਟ ਮੁਤਾਬਕ ਸੀ.ਐੱਸ.ਆਈ.ਐੱਸ. ਨੇ ਪ੍ਰਤੀਕਿਆ ਜ਼ਾਹਿਰ ਕਰਨ ਦੀਆਂ ਅਪੀਲਾਂ 'ਤੇ ਕੋਈ ਜਵਾਬ ਨਹੀਂ ਦਿੱਤਾ। ਇਕ ਹੋਰ ਸੂਤਰ ਨੇ ਪੋਸਟ ਮੀਡੀਆ ਨੂੰ ਦੱਸਿਆ ਕਿ ਪੰਜਾਬੀ ਭਾਸ਼ਾ ਦੀ ਮੀਡੀਆ ਦੇ ਕੁਝ ਮੈਂਬਰਾਂ ਨੇ ਅਟਵਾਲ ਦੇ ਇਤਿਹਾਸ ਦੀਆਂ ਖਬਰਾਂ 20 ਫਰਵਰੀ ਨੂੰ ਨਵੀਂ ਦਿੱਲੀ 'ਚ ਕੈਨੇਡੀਅਨ ਹਾਈ ਕਮਿਸ਼ਨਰ ਕੋਲ ਭੇਜ ਦਿੱਤੀਆਂ ਸਨ।
ਸੂਤਰ ਨੇ ਕਿਹਾ ਕਿ ਇਹ ਜਾਣਕਾਰੀ ਦਿੱਤੀ ਗਈ ਸੀ ਕਿ ਅੰਤਰਰਾਸ਼ਟਰੀ ਸਿੱਖ ਯੂਥ ਫੈਡਰੇਸ਼ਨ ਦਾ ਸਾਬਕਾ ਮੈਂਬਰ ਅਟਵਾਲ ਪ੍ਰਧਾਨ ਮੰਤਰੀ ਟਰੂਡੋ ਤੇ ਕੈਨੇਡੀਅਨ ਵਫਦ ਦੇ ਨਾਲ ਕੁਝ ਪ੍ਰੋਗਰਾਮਾਂ 'ਚ ਹਿੱਸਾ ਲੈਣ ਲਈ ਭਾਰਤ ਜਾ ਰਿਹਾ ਸੀ। ਚਿਤਾਵਨੀਆਂ ਦੇ ਬਾਅਦ ਵੀ ਅਟਵਾਲ 21 ਫਰਵਰੀ ਨੂੰ ਮੁੰਬਈ 'ਚ ਇਕ ਸਵਾਗਤ ਸਮਾਗਮ 'ਚ ਦਿਖਿਆ। ਉਥੇ ਉਸ ਨੇ ਟਰੂਡੋ ਦੀ ਪਤਨੀ ਸੋਫੀ ਗ੍ਰੇਗਰ ਤੇ ਟਰੂਡੋ ਦੇ ਇਕ ਮੰਤਰੀ ਅਮਰਜੀਤ ਸੋਹੀ ਨਾਲ ਤਸਵੀਰਾਂ ਵੀ ਖਿਚਵਾਈਆਂ। ਵੈਨਕੂਵਰ ਸਨ ਦੀ ਇਕ ਰਿਪੋਰਟ 'ਚ ਕਿਹਾ ਗਿਆ ਕਿ ਇਹ ਘਟਨਾ ਟਰੂਡੋ ਲਈ ਸ਼ਰਮਿੰਦਗੀ ਦੀ ਸਬਬ ਬਣ ਗਈ ਹੈ, ਕਿਉਂਕਿ ਉਨ੍ਹਾਂ ਨੇ ਭਾਰਤ 'ਚ ਇਹ ਦਿਖਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਕੈਨੇਡਾ ਵੱਖਵਾਦੀਆਂ ਨੂੰ ਲੈ ਕੇ ਨਰਮ ਰੁਖ ਨਹੀਂ ਰੱਖਦਾ।
ਅਟਵਾਲ 'ਤੇ ਇਕ ਵਾਰ ਭਾਰਤੀ ਮੂਲ ਦੇ ਸਾਬਕਾ ਬ੍ਰਿਟਿਸ਼ ਕੋਲੰਬੀਆ ਪ੍ਰੀਮਿਅਰ ਉਜਲ ਦੋਸਾਂਝ 'ਤੇ ਹਮਲੇ ਦਾ ਵੀ ਦੋਸ਼ ਲਗਿਆ ਸੀ। ਦੋਸਾਂਝ ਨੇ ਕਿਹਾ ਕਿ ਉਹ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਅਟਵਾਲ ਨੂੰ ਪ੍ਰਧਾਨ ਮੰਤਰੀ ਦੇ ਰਾਤ ਦੇ ਖਾਣੇ ਲਈ ਸੱਦਾ ਦਿੱਤਾ ਗਿਆ ਹੈ।


Related News