ਕੈਨੇਡਾ 'ਚ ਮਾਂ-ਪਿਓ ਤੇ ਦਾਦਾ-ਦਾਦੀ ਨੂੰ ਸੱਦਣ ਦਾ ਮੌਕਾ, ਜਾਣੋ ਆਖਰੀ ਤਾਰੀਖ਼
Friday, Oct 30, 2020 - 05:44 PM (IST)
ਓਟਾਵਾ : ਕੈਨੇਡਾ 'ਚ ਮਾਂ-ਪਿਓ ਅਤੇ ਦਾਦਾ-ਦਾਦੀ ਨੂੰ ਸੱਦਣ ਦੀ ਇੱਛਾ ਰੱਖਣ ਵਾਲੇ ਕੈਨੇਡੀਅਨ ਨਾਗਰਿਕ ਤੇ ਸਥਾਈ ਵਸਨੀਕ ਅਗਲੇ ਹਫਤੇ ਤੱਕ ਸਪਾਂਸਰ ਫਾਰਮ ਜਮ੍ਹਾ ਕਰਵਾ ਸਕਦੇ ਹਨ। 3 ਨਵੰਬਰ 2020 ਨੂੰ ਸਪਾਂਸਰ ਫਾਰਮ ਜਮ੍ਹਾ ਕਰਾਉਣ ਦੀ ਅੰਤਿਮ ਤਾਰੀਖ਼ ਹੈ। ਇਸ ਤੋਂ ਬਾਅਦ ਇਹ ਫਾਰਮ ਜਮ੍ਹਾ ਨਹੀਂ ਹੋਣਗੇ।
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ 3 ਨਵੰਬਰ ਦੁਪਹਿਰ 12 ਵਜੇ 'ਪੇਰੈਂਟਸ ਐਂਡ ਗਰੈਂਡਪੇਰੈਂਟਸ ਪ੍ਰੋਗਰਾਮ-2020' (ਪੀ. ਜੀ. ਪੀ.) ਯੋਜਨਾ ਸਮਾਪਤ ਹੋ ਜਾਵੇਗੀ।
ਪੀ. ਜੀ. ਪੀ. ਜ਼ਰੀਏ ਸੱਦੇ ਜਾਣ ਵਾਲੇ ਮਾਂ-ਪਿਓ, ਦਾਦਾ-ਦਾਦੀ ਕੈਨੇਡਾ ਦੇ ਪੱਕੇ ਵਸਨੀਕ ਬਣ ਸਕਦੇ ਹਨ, ਇਸ ਪਿੱਛੋਂ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਵੀ ਮਿਲ ਸਕਦੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਇਹ ਵਿੰਡੋ 13 ਅਕਤੂਬਰ ਨੂੰ ਖੋਲ੍ਹੀ ਸੀ, ਜੋ 3 ਨਵੰਬਰ ਨੂੰ ਸਮਾਪਤ ਹੋ ਰਹੀ ਹੈ।
ਇਮੀਗ੍ਰੇਸ਼ਨ, ਰਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ (ਆਈ. ਆਰ. ਸੀ. ਸੀ.) 2020 'ਚ ਵੱਧ ਤੋਂ ਵੱਧ 10,000 ਸਪਾਂਸਰ ਵੀਜ਼ੇ ਸਵੀਕਾਰ ਕਰੇਗਾ। ਇਸ ਪਿੱਛੋਂ 2021 'ਚ ਨਵੀਂ ਵਿੰਡੋ ਖੋਲ੍ਹੇਗਾ। ਇੰਮੀਗ੍ਰੇਸ਼ਨ, ਰਫਿਊਜੀ ਐਂਡ ਸਿਟੀਜ਼ਨਸ਼ਿਪ ਕੈਨੇਡਾ ਇਕ ਲਾਟਰੀ ਕੱਢੇਗਾ, ਜਿਸ ਰਾਹੀਂ ਉਹ ਮਾਪਿਆਂ ਦੀ ਵੀਜ਼ਾ ਯੋਜਨਾ ਲਈ ਅਰਜ਼ੀਆਂ ਜਮ੍ਹਾ ਕਰਵਾਉਣ ਵਾਲਿਆਂ 'ਚੋਂ 10 ਹਜ਼ਾਰ ਤੋਂ ਵੱਧ ਸਪਾਂਸਰਾਂ ਨੂੰ ਸੱਦਾ ਦੇਵੇਗਾ। ਜੇਕਰ ਲਾਟਰੀ 'ਚ ਨਿਕਲੇ 10 ਹਜ਼ਾਰ ਸਪਾਂਸਰ 'ਚ ਤੁਹਾਡਾ ਨਾਮ ਆਏਗਾ ਤਾਂ ਆਈ. ਆਰ. ਸੀ. ਸੀ. ਤੁਹਾਡੇ ਨਾਲ ਸੰਪਰਕ ਕਰੇਗਾ। ਸੱਦਾ ਮਿਲਣ 'ਤੇ ਆਈ. ਆਰ. ਸੀ. ਸੀ. ਵੱਲੋਂ ਰੱਖੀ ਗਈ ਅੰਤਿਮ ਤਾਰੀਖ਼ ਤੋਂ ਪਹਿਲਾਂ-ਪਹਿਲਾਂ ਪੀ. ਜੀ. ਪੀ. ਦੀ ਅਰਜ਼ੀ ਅਤੇ ਇਸ ਦੀ ਫੀਸ ਜਮ੍ਹਾ ਕਰਾਉਣੀ ਹੋਵੇਗੀ।