ਕੈਨੇਡਾ 'ਚ ਇਮੀਗ੍ਰੇਸ਼ਨ ਧੋਖਾਧੜੀ ਮਾਮਲੇ 'ਚ ਪੰਜਾਬੀ ਵਕੀਲ ਨੇ ਅਪਰਾਧ ਕੀਤਾ ਸਵੀਕਾਰ
Tuesday, Jun 15, 2021 - 01:16 PM (IST)

ਸਰੀ (ਬਿਊਰੋ): ਕੈਨੇਡਾ ਦੇ ਵੱਡੇ ਹਿੱਸੇ ਵਿਚ ਪੰਜਾਬੀ ਭਾਈਚਾਰਾ ਰਹਿੰਦਾ ਹੈ।ਇਹ ਪੰਜਾਬੀ ਕੈਨੇਡਾ ਵਿਚ ਉੱਚ ਅਹੁਦਿਆਂ ਅਤੇ ਅਹਿਮ ਵਿਭਾਗਾਂ ਵਿਚ ਕੰਮ ਕਰ ਰਿਹਾ ਹੈ।ਇੱਥੋਂ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਮੀਗ੍ਰੇਸ਼ਨ ਧੋਖਾਧੜੀ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਡੈਲਟਾ ਦੇ 61 ਸਾਲਾ ਪੰਜਾਬੀ ਵਕੀਲ ਬਲਰਾਜ ਸਿੰਘ ਭੱਟੀ ਨੇ ਅਦਾਲਤ ਵਿਚ ਆਪਣਾ ਅਪਰਾਧ ਸਵੀਕਾਰ ਕਰ ਲਿਆ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨੇ ਬਲਰਾਜ ਸਿੰਘ ਅਤੇ ਵੈਨਕੂਵਰ ਦੇ 52 ਸਾਲਾ ਸੋਫੀਅਨ ਡਾਹਕ ਨੂੰ ਬੀਤੇ ਸਾਲ 1 ਅਕਤੂਬਰ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਪੰਜਾਬੀ ਡਰਾਈਵਰ ਨੇ ਕੋਰਟ 'ਚ ਆਪਣਾ ਦੋਸ਼ ਕਬੂਲਿਆ
ਬਲਰਾਜ ਸਿੰਘ 'ਤੇ ਇਮੀਗ੍ਰੇਸ਼ਨ ਧੋਖਾਧੜੀ, ਗਲਤ ਜਾਣਕਾਰੀ ਦੇਣ ਤੇ ਨਕਲੀ ਦਸਤਾਵੇਜ਼ਾਂ ਸਮੇਤ 8 ਦੋਸ਼ ਲਗਾਏ ਗਏ ਸਨ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਮੁਤਾਬਕ ਬਲਰਾਜ ਸਿੰਘ ਤੇ ਸੋਫੀਅਨ ਡਾਰਕ ਨੇ ਫਰਵਰੀ 2002 ਤੋਂ ਮਾਰਚ 2014 ਤੱਕ ਕੈਨੇਡਾ ਆਏ ਕਈ ਪ੍ਰਵਾਸੀਆਂ ਨੂੰ ਰਫਿਊਜ਼ੀ ਦੱਸ ਕੇ ਇਮੀਗ੍ਰੇਸ਼ਨ ਤੇ ਰਫਿਊਜ਼ੀ ਬੋਰਡ ਨੂੰ ਗਲਤ ਜਾਣਕਾਰੀ ਦਿੱਤੀ ਸੀ। ਉਹ ਪ੍ਰਵਾਸੀ ਵਿਅਕਤੀ ਅਸਲ ਵਿਚ ਰਫਿਊਜ਼ੀ ਨਹੀਂ ਸਨ। ਏਜੰਸੀ ਨੇ 2012 ਵਿਚ ਇਹਨਾਂ ਖ਼ਿਲਾਫ਼ ਜਾਂਚ ਸ਼ੁਰੂ ਕਰ ਦਿੱਤੀ ਸੀ ਅਤੇ 8 ਸਾਲ ਬਾਅਦ 1 ਅਕਤੂਬਰ, 2020 ਨੂੰ ਇਹਨਾਂ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ। ਅਦਾਲਤ ਨੇ ਵਕੀਲ ਬਲਰਾਜ ਸਿੰਘ ਨੂੰ ਸਜ਼ਾ ਸੁਣਾਉਣ ਦੀ ਤਾਰੀਖ਼ ਹਾਲੇ ਤੈਅ ਨਹੀਂ ਕੀਤੀ।