ਕੈਨੇਡਾ ਪੁੱਜੀ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ, ਪੀ. ਐੱਮ. ਨੇ ਸਾਂਝੀ ਕੀਤੀ ਤਸਵੀਰ

Monday, Dec 14, 2020 - 12:12 PM (IST)

ਕੈਨੇਡਾ ਪੁੱਜੀ ਕੋਰੋਨਾ ਟੀਕਿਆਂ ਦੀ ਪਹਿਲੀ ਖੇਪ, ਪੀ. ਐੱਮ. ਨੇ ਸਾਂਝੀ ਕੀਤੀ ਤਸਵੀਰ

ਟੋਰਾਂਟੋ- ਕੈਨੇਡਾ ਵਿਚ ਫਰੀਜ਼ਰ ਵਿਚ ਪੈਕ ਕੋਵਿਡ-19 ਟੀਕੇ ਦੀਆਂ ਸ਼ੀਸ਼ੀਆਂ ਦੀ ਪਹਿਲੀ ਖੇਪ ਪੁੱਜ ਗਈ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਐਤਵਾਰ ਨੂੰ ਇਕ ਤਸਵੀਰ ਟਵੀਟ ਕੀਤੀ, ਜਿਸ ਵਿਚ ਟੀਕਿਆਂ ਦੀਆਂ ਸ਼ੀਸ਼ੀਆਂ ਨੂੰ ਜਹਾਜ਼ ਵਿਚੋਂ ਉਤਾਰਦਿਆਂ ਦੇਖਿਆ ਜਾ ਸਕਦਾ ਹੈ। 

ਕੈਨੇਡਾ ਦੇ ਸਿਹਤ ਪ੍ਰਬੰਧਕਾਂ ਨੇ ਅਮਰੀਕੀ ਦਵਾਈ ਨਿਰਮਾਤਾ ਫਾਈਜ਼ਰ ਅਤੇ ਜਰਮਨੀ ਦੇ ਬਾਇਐਨਟੈਕ ਦੇ ਟੀਕਿਆਂ ਨੂੰ ਪਿਛਲੇ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ ਸੀ। ਟੀਕਿਆਂ ਨੂੰ ਦੇਸ਼ ਭਰ ਵਿਚ 14 ਸਥਾਨਾਂ ਵਿਚ ਭੇਜਿਆ ਜਾਵੇਗਾ। ਅਜਿਹੀ ਸੰਭਾਵਨਾ ਹੈ ਕਿ ਸਭ ਤੋਂ ਪਹਿਲਾਂ ਕਿਊਬਿਕ ਸੂਬੇ ਵਿਚ ਟੀਕਾ ਲਗਾਉਣਾ ਸ਼ੁਰੂ ਕੀਤਾ ਜਾਵੇਗਾ। 

ਕੈਨੇਡਾ ਸਰਕਾਰ ਨੇ ਹਾਲ ਹੀ ਵਿਚ ਫਾਈਜ਼ਰ ਅਤੇ ਬਾਇਐਨਟੈਕ ਨਾਲ ਆਪਣੇ ਕਰਾਰ ਵਿਚ ਸੋਧ ਕੀਤੀ ਹੈ ਤਾਂ ਕਿ ਉਹ ਇਸ ਮਹੀਨੇ 2,49,000 ਟੀਕਿਆਂ ਨੂੰ ਵੰਡ ਸਕਣ। ਟੀਕਿਆਂ ਦੇ ਪੁੱਜਣ ਦੇ ਬਾਵਜੂਦ ਟਰੂਡੋ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਮਾਸਕ ਪਾਉਣਾ ਜਾਰੀ ਰੱਖਣ, ਭੀੜ ਤੋਂ ਬਚੋ ਅਤੇ ਵਾਇਰਸ ਦੇ ਸੰਪਰਕ ਵਿਚ ਆਉਣ ਦੀ ਜਾਣਕਾਰੀ ਦੇਣ ਵਾਲੀ ਸਰਕਾਰੀ ਐਪ ਡਾਊਨਲੋਡ ਕਰਨ। 

ਉਨ੍ਹਾਂ ਕਿਹਾ ਕਿ ਇਹ ਚੰਗੀ ਖ਼ਬਰ ਹੈ ਪਰ ਕੋਰੋਨਾ ਖ਼ਿਲਾਫ਼ ਸਾਡੀ ਲੜਾਈ ਖ਼ਤਮ ਨਹੀਂ ਹੋਈ। ਹੁਣ ਹੋਰ ਸਾਵਧਾਨੀ ਵਰਤਣੀ ਚਾਹੀਦੀ ਹੈ। ਕੈਨੇਡਾ ਨੇ 6 ਹੋਰ ਟੀਕਾ ਨਿਰਮਾਤਾਵਾਂ ਨਾਲ ਵੀ ਕਰਾਰ ਕੀਤਾ ਹੈ ਤੇ ਉਹ ਤਿੰਨ ਹੋਰ ਟੀਕਿਆਂ ਦੀ ਸਮੀਖਿਆ ਕਰ ਰਿਹਾ ਹੈ। ਕੈਨੇਡਾ ਨੇ ਕੈਨੇਡੀਅਨ ਨਾਗਰਿਕਾਂ ਦੀ ਜ਼ਰੂਰਤ ਤੋਂ ਵੱਧ ਖੁਰਾਕਾਂ ਦਾ ਆਰਡਰ ਕੀਤਾ ਹੈ ਅਤੇ ਸਰਕਾਰ ਵਾਧੂ ਖੁਰਾਕ ਗਰੀਬ ਦੇਸ਼ਾਂ ਨੂੰ ਦਾਨ ਕਰਨ ਦੀ ਯੋਜਨਾ ਬਣਾ ਰਹੀ ਹੈ। 


author

Lalita Mam

Content Editor

Related News