ਪਰਿਵਾਰਾਂ ਦੀ ਯਾਤਰਾ ਨੂੰ ਹੋਰ ਸੌਖਾਲਾ ਬਣਾਉਣ ''ਤੇ ਕੈਨੇਡਾ ਕਰ ਰਿਹੈ ਵਿਚਾਰ

Sunday, May 31, 2020 - 10:56 PM (IST)

ਪਰਿਵਾਰਾਂ ਦੀ ਯਾਤਰਾ ਨੂੰ ਹੋਰ ਸੌਖਾਲਾ ਬਣਾਉਣ ''ਤੇ ਕੈਨੇਡਾ ਕਰ ਰਿਹੈ ਵਿਚਾਰ

ਓਟਾਵਾ- ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਕੈਨੇਡਾ ਯਾਤਰਾ 'ਤੇ ਲੱਗੀਆਂ ਪਾਬੰਦੀਆਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਜੋ ਇਸ ਸਮੇਂ ਕੁਝ ਵਿਅਕਤੀਆਂ ਨੂੰ ਆਪਣੇ ਪਰਿਵਾਰ ਨਾਲ ਮੁੜ ਜੁੜਨ ਲਈ ਸੰਯੁਕਤ ਰਾਜ ਦੀ ਸਰਹੱਦ ਪਾਰ ਕਰਨ ਤੋਂ ਰੋਕਦੀਆਂ ਹਨ। ਟਰੂਡੋ ਨੇ ਸ਼ੁੱਕਰਵਾਰ 29 ਮਈ ਨੂੰ ਕੈਨੇਡੀਅਨ ਲੋਕਾਂ ਲਈ ਆਪਣੀ ਰੋਜ਼ਾਨਾ ਕੋਰੋਨਾ ਵਾਇਰਸ ਬ੍ਰੀਫਿੰਗ ਦੌਰਾਨ ਇਹ ਟਿੱਪਣੀ ਕੀਤੀ।

ਕੈਨੇਡਾ-ਸੰਯੁਕਤ ਰਾਜ ਦੀ ਸਰਹੱਦ ਨੂੰ ਆਪਸੀ ਸਮਝੌਤੇ ਰਾਹੀਂ ਸ਼ਨੀਵਾਰ 20 ਮਾਰਚ ਨੂੰ ਗੈਰ-ਜ਼ਰੂਰੀ ਯਾਤਰਾ ਲਈ ਬੰਦ ਕਰ ਦਿੱਤਾ ਗਿਆ ਸੀ। ਦੋਵੇਂ ਦੇਸ਼ਾਂ ਨੇ ਕੋਵਿਡ-19 ਫੈਲਣ ਤੋਂ ਰੋਕਣ ਲਈ ਇਹ ਫੈਸਲਾ ਲਿਆ ਸੀ। ਯਾਤਰਾ ਪਾਬੰਦੀਆਂ ਨੂੰ ਸ਼ੁਰੂ ਵਿਚ 30 ਦਿਨਾਂ ਲਈ ਰੱਖਿਆ ਗਿਆ ਸੀ, ਪਰੰਤੂ ਇਸ ਤੋਂ ਬਾਅਦ ਹਾਲ ਦੇ 20 ਮਈ ਸਣੇ ਦੋ ਮੌਕਿਆਂ 'ਤੇ ਇਨ੍ਹਾਂ ਨੂੰ ਵਧਾਇਆ ਗਿਆ। ਇਸ ਯਾਤਰਾ ਪਾਬੰਦੀ ਵਿਚ ਕੁਝ ਲੋਕਾਂ ਨੂੰ ਛੋਟ ਵੀ ਦਿੱਤੀ ਗਈ ਸੀ, ਜੋ ਅਤਿ ਜ਼ਰੂਰ ਕੰਮਾਂ ਲਈ ਯਾਤਰਾ ਕਰ ਸਕਦੇ ਸਨ।

ਪਰਿਵਾਰਕ ਮੈਂਬਰਾਂ ਨੂੰ ਪਤੀ/ਪਤਨੀ, ਕਾਮਨ ਲਾਅ ਪੈਰੇਂਟਸ, ਨਿਰਭਰ ਬੱਚੇ, ਪੋਤੇ-ਪੋਤੀਆਂ, ਮਾਪਿਆਂ, ਮਤਰੇ ਮਾਂ-ਪਿਓ, ਸਰਪ੍ਰਸਤ ਤੇ ਅਧਿਆਪਕ ਵਜੋਂ ਪਰਿਭਾਸ਼ਤ ਕੀਤਾ ਗਿਆ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ.ਬੀ.ਐੱਸ.ਏ.) ਵਲੋਂ ਇਸ ਬਾਰੇ ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਆਪਣੀ ਟਿੱਪਣੀ ਦੌਰਾਨ, ਟਰੂਡੋ ਨੇ ਪਰਿਵਾਰਾਂ ਲਈ ਚੁਣੌਤੀਪੂਰਨ ਪਾਬੰਦੀਆਂ ਨੂੰ ਪਛਾਣਿਆ ਤੇ ਕਿਹਾ ਕਿ ਉਹ ਕੋਈ ਹੱਲ ਲੱਭਣ ਦੀ ਉਮੀਦ ਕਰ ਰਹੇ ਹਨ। ਹਾਲਾਂਕਿ, ਉਹਨਾਂ ਨੇ ਇਸ ਦੌਰਾਨ ਇਹ ਵੀ ਕਿਹਾ ਕਿ ਉਹ ਇਸ ਸਬੰਧੀ ਵਿਚਾਰ-ਵਟਾਂਦਰਾ ਕਰ ਰਹੇ ਹਨ ਕਿਉਂਕਿ ਅਜਿਹਾ ਕਰਨਾ ਕਈ ਸੂਬਿਆਂ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ।

ਦਰਅਸਲ, ਟਰੂਡੋ ਨੇ ਬੀਤੇ ਵੀਰਵਾਰ ਨੂੰ ਆਪਣੇ ਸਾਥੀ ਪ੍ਰੀਮੀਅਰਾਂ ਮੁਹਰੇ ਵੀ ਇਸ ਮੁੱਦੇ 'ਤੇ ਵਿਚਾਰ ਕੀਤਾ। ਉਨ੍ਹਾਂ ਕਿਹਾ ਕਿ ਕੁਝ ਉਨ੍ਹਾਂ ਨਾਲ ਸਹਿਮਤ ਹੋਏ ਤੇ ਕਈਆਂ ਨੇ ਕਿਹਾ ਕਿ ਇਸ ਨਾਲ ਕੋਰੋਨਾ ਵਾਇਰਸ ਖਿਲਾਫ ਲੜਾਈ ਹੋਰ ਚੁਣੌਤੀਪੂਰਨ ਹੋ ਸਕਦੀ ਹੈ। ਟਰੂਡੋ ਨੇ ਕਿਹਾ ਕਿ ਹਮੇਸ਼ਾ ਕੈਨੇਡੀਅਨਾਂ ਦੀ ਸੁਰੱਖਿਆ ਨੂੰ ਪਹਿਲ ਦਿੱਤੀ ਜਾਂਦੀ ਹੈ ਤੇ ਫੈਡਰਲ ਤੇ ਸੂਬਾਈ ਸਰਕਾਰਾਂ ਇਸ ਮੁੱਦੇ 'ਤੇ ਵਿਚਾਰ-ਵਟਾਂਦਰਾ ਜਾਰੀ ਰੱਖਣਗੀਆਂ।


author

Baljit Singh

Content Editor

Related News