ਕੋਰੋਨਾ ਕਾਰਨ ਅਰਥ ਵਿਵਸਥਾ 'ਤੇ ਪਏ ਪ੍ਰਭਾਵ ਦਾ ਲੇਖਾ-ਜੋਖਾ ਦੇਵੇਗੀ ਕੈਨੇਡਾ ਸਰਕਾਰ

Tuesday, Nov 24, 2020 - 03:37 PM (IST)

ਓਟਾਵਾ- ਕੋਰੋਨਾ ਵਾਇਰਸ ਕਾਰਨ ਵਿਸ਼ਵ ਭਰ ਦੀ ਅਰਥ ਵਿਵਸਥਾ ਵਿਗੜ ਗਈ ਹੈ। ਹਰ ਦੇਸ਼ ਨੂੰ ਹੁਣ ਕੋਰੋਨਾ ਨਾਲ ਨਜਿੱਠਣ ਲਈ ਵੱਖਰਾ ਖਰਚਾ ਕੱਢਣਾ ਪੈ ਗਿਆ ਹੈ। ਆਰਥਿਕ ਘਾਟੇ ਦੇ ਚੱਲਦਿਆਂ ਸੂਬਿਆਂ ਨੂੰ ਵੀ ਲੋੜਵੰਦਾਂ ਦੀ ਮਦਦ ਲਈ ਫੰਡ ਦੇਣਾ ਬਹੁਤ ਮੁਸ਼ਕਲ ਵਾਲਾ ਕੰਮ ਹੋ ਗਿਆ ਹੈ।

ਕੈਨੇਡਾ ਵੀ ਇਸ ਨੁਕਸਾਨ ਨੂੰ ਝੱਲ ਰਿਹਾ ਹੈ ਤੇ ਅਰਥ ਵਿਵਸਥਾ 'ਤੇ ਬੋਝ ਵੱਧ ਗਿਆ ਹੈ। ਇਸ ਸਬੰਧੀ ਲਿਬਰਲ ਸਰਕਾਰ 30 ਨਵੰਬਰ ਨੂੰ ਅੰਕੜੇ ਪੇਸ਼ ਕਰਨ ਜਾ ਰਹੀ ਹੈ। ਸੋਮਵਾਰ ਨੂੰ ਹਾਊਸ ਆਫ਼ ਕਾਮਨਜ਼ ਵਿਚ ਇਸ ਦਾ ਐਲਾਨ ਕਰਦੇ ਹੋਏ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ ਇਸ ਮੁਸ਼ਕਲ ਸਮੇਂ ਵਿਚ ਕੈਨੇਡੀਅਨ ਲੋਕਾਂ ਦੀ ਆਰਥਿਕ ਮਦਦ ਲਈ ਹਮੇਸ਼ਾ ਖੜ੍ਹੇ ਹਨ। 

ਵਿੱਤ ਮੰਤਰੀ ਨੇ ਕਿਹਾ ਕਿ ਸਾਡੇ ਕੋਲ ਮਜ਼ਬੂਤ ਵਿੱਤੀ ਸਾਧਨ ਮੌਜੂਦ ਹਨ, ਇਸ ਲਈ ਸਰਕਾਰ ਜਿੱਥੋਂ ਤੱਕ ਸੰਭਵ ਹੋ ਸਕੇ ਕੈਨੇਡੀਅਨ ਲੋਕਾਂ ਦੀ ਲਗਾਤਾਰ ਵਿੱਤੀ ਮਦਦ ਕਰਦੀ ਰਹੇਗੀ। ਕ੍ਰਿਸਟੀਆ ਫਰੀਲੈਂਡ ਨੇ ਕਿਹਾ ਕਿ ਉਹ 30 ਨਵੰਬਰ ਨੂੰ ਕੋਰੋਨਾ ਸਬੰਧੀ ਵਿੱਤੀ ਲੇਖਾ-ਜੋਖਾ ਪੇਸ਼ ਕਰਨਗੇ।

ਫੈਡਰਲ ਸਰਕਾਰ ਨੇ ਇਸ ਸਾਲ ਮਹਾਮਾਰੀ ਦੇ ਚੱਲਦਿਆਂ ਆਪਣਾ ਵਿੱਤੀ ਸਾਲ ਦਾ ਬਜਟ ਪੇਸ਼ ਨਹੀਂ ਕੀਤਾ ਪਰ ਬੀਤੇ ਜੁਲਾਈ ਮਹੀਨੇ ਵਿਚ ਬਜਟ ਦੀ ਇਕ ਵਿੱਤੀ ਝਲਕ ਜ਼ਰੂਰੀ ਪੇਸ਼ ਕੀਤੀ ਸੀ, ਜਿਸ ਵਿਚ ਅੰਦਾਜ਼ਾ ਲਾਇਆ ਗਿਆ ਸੀ ਕਿ ਕੋਰੋਨਾ ਮਹਾਮਾਰੀ ਦੌਰਾਨ ਸਰਕਾਰੀ ਖਜ਼ਾਨੇ ਨੂੰ ਪਿਆ ਘਾਟਾ ਰਿਕਾਰਡ 343.2 ਬਿਲੀਅਨ ਡਾਲਰ ਵੱਲ ਜਾ ਰਿਹਾ ਹੈ। 

4 ਦਸੰਬਰ ਨੂੰ ਸਰਕਾਰ ਕਿਰਾਏ ਦੇ ਘਰਾਂ ਲਈ ਵੀ ਇਕ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਕੋਰੋਨਾ ਕਾਰਨ ਵੱਡੀ ਗਿਣਤੀ ਵਿਚ ਲੋਕਾਂ ਦਾ ਰੁਜ਼ਗਾਰ ਖੁੱਸ ਗਿਆ ਸੀ ਪਰ ਕੈਨੇਡਾ ਸਰਕਾਰ ਨੇ ਮੁੜ ਨਵੇਂ ਰੁਜ਼ਗਾਰ ਪੈਦਾ ਕੀਤੇ ਹਨ। ਕੈਨੇਡਾ ਸਰਕਾਰ ਨੇ ਉਨ੍ਹਾਂ ਲੋਕਾਂ ਲਈ ਖਾਸ ਯੋਜਨਾ ਸ਼ੁਰੂ ਕੀਤੀ ਹੈ ਜੋ ਕੋਰੋਨਾ ਦੀ ਮਾਰ ਕਾਰਨ ਬੇਰੁਜ਼ਗਾਰ ਹਨ। ਇਨ੍ਹਾਂ ਲੋਕਾਂ ਨੂੰ ਸਰਕਾਰ ਵਲੋਂ ਬੇਰੁਜ਼ਗਾਰੀ ਭੱਤਾ ਦਿੱਤਾ ਜਾ ਰਿਹਾ ਹੈ। 


Lalita Mam

Content Editor

Related News