ਕੈਨੇਡਾ ਦੇ ਇਨਾਂ ਸੂਬਿਆਂ ''ਚ ਹੈ ਸਭ ਤੋਂ ਸਸਤੀ ਤੇ ਮਹਿੰਗੀ ਆਟੋ ਇੰਸ਼ੋਰੈਂਸ

08/14/2019 9:45:14 PM

ਵੈਨਕੂਵਰ - ਕੈਨੇਡਾ 'ਚ ਕਾਰਾਂ-ਗੱਡੀਆਂ ਦਾ ਬੀਮਾ ਕਰਵਾਉਣ ਲਈ ਸਭ ਤੋਂ ਵਧ ਜ਼ਿਆਦਾ ਡਾਲਰ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਅਦਾ ਕਰਨੇ ਪੈ ਰਹੇ ਹਨ। ਜਿਥੇ ਆਟੋ ਇੰਸ਼ੋਰੈਂਸ ਦੀ ਔਸਤ ਸਾਲਾਨਾ ਦਰ ਕਰੀਬ 1800 ਡਾਲਰ ਦਰਜ ਕੀਤੀ ਗਈ ਹੈ। ਇੰਸ਼ੋਰੈਂਸ ਬਿਊਰੋ ਆਫ਼ ਕੈਨੇਡਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਸਭ ਤੋਂ ਸਸਤੀ ਇੰਸ਼ੋਰੈਂਸ ਕਿਊਬਿਕ 'ਚ ਮਿਲ ਰਹੀ ਹੈ। ਜਿਥੇ ਲੋਕਾਂ ਨੂੰ ਸਾਲਾਨਾ ਆਧਾਰ 'ਤੇ ਸਿਰਫ਼ 717 ਡਾਲਰ ਹੀ ਅਦਾ ਕਰਨੇ ਪੈਂਦੇ ਹਨ।

ਦੂਜੇ ਪਾਸੇ ਉਨਟਾਰੀਓ 'ਚ ਆਟੋ ਇੰਸ਼ੋਰੈਂਸ ਦੀ ਔਸਤ ਪ੍ਰੀਮੀਅਮ ਕਰੀਬ 1500 ਡਾਲਰ ਚੱਲ ਰਹੀ ਹੈ ਅਤੇ ਉਥੇ ਹੀ ਐਲਬਰਟਾ ਦੇ ਨਿਵਾਸੀਆਂ 1316 ਡਾਲਰ ਅਦਾ ਕਰਨੇ ਪੈ ਰਹੇ ਹਨ। ਇੰਸ਼ਰੈਂਸ ਕਾਰਪੋਰੇਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਤਾਜ਼ਾ ਵਿੱਤੀ ਬਿਆਨ ਦੇ ਮੱਦੇਨਜ਼ਰ ਆਉਣ ਵਾਲੇ ਕਈ ਸਾਲਾਂ ਦੌਰਾਨ ਬ੍ਰਿਟਿਸ਼ ਕੋਲੰਬੀਆ 'ਚ ਬੀਮਾ ਦਰਾਂ ਹੋਰ ਵਧ ਸਕਦੀਆਂ ਹਨ। ਜ਼ਿਕਰਯੋਗ ਹੈ ਕਿ ਜਨਵਰੀ 2018 'ਚ ਬ੍ਰਿਟਿਸ਼ ਕੋਲੰਬੀਆ ਦੇ ਅਟਾਰਨੀ ਜਨਰਲ ਡੇਵਿਡ ਇਬੀ ਨੇ ਇੰਸ਼ੋਰੈਂਸ ਖੇਤਰ ਲਈ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਅਤੇ ਮਾਰਚ 'ਚ ਇਹ ਤਬਦੀਲੀਆਂ ਲਾਗੂ ਹੋ ਗਈਆਂ।

ਇੰਸ਼ਰੈਂਸ ਕਾਰਪੋਰੇਸ਼ਨ ਆਫ਼ ਬ੍ਰਿਟਿਸ਼ ਕੋਲੰਬੀਆ ਦੇ ਵਾਇਸ ਪ੍ਰੈਜ਼ੀਡੈਂਟ ਨੇ ਕਿਹਾ ਕਿ ਸੂਬੇ 'ਚ ਹਾਲੇ ਕਈ ਤਬਦੀਲੀਆਂ ਲਾਗੂ ਹੋਣੀਆਂ ਬਾਕੀ ਹਨ ਜਿਨਾਂ ਨੂੰ ਦੇਖਦਿਆਂ ਇੰਸ਼ੋਰੈਂਸ ਦਰਾਂ ਦੀ ਘੱਟਣ ਦੀ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਜ਼ਿਕਰੋਯਗ ਹੈ ਕਿ ਉਨਟਾਰੀਓ 'ਚ ਭਾਵੇਂ ਔਸਤ ਇੰਸ਼ੋਰੈਂਸ ਦਰ ਘੱਟ ਹੈ ਪਰ ਬਰੈਂਪਟਨ ਦੇ ਲੋਕਾਂ ਨੂੰ ਸਭ ਤੋਂ ਮਹਿੰਗਾ ਬੀਮਾ ਖ਼ਰੀਦਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।


Khushdeep Jassi

Content Editor

Related News