ਕੈਨੇਡਾ ''ਚ ਰਹਿੰਦਾ ਪੰਜਾਬੀ ਨੌਜਵਾਨ ਅਰੈਸਟ, ਤੈਅ ਘੰਟਿਆਂ ਤੋਂ ਵਧ ਕਰ ਰਿਹਾ ਸੀ ਕੰਮ

05/15/2019 6:18:05 PM

ਜਲੰਧਰ (ਮ੍ਰਿਦੁਲ)— ਕੈਨੇਡਾ ਸਰਕਾਰ ਇੰਟਰਨੈਸ਼ਨਲ ਸਟੂਡੈਂਟਸ ਦੇ ਕੰਮ ਕਰਨ ਦੀ ਟਾਈਮਿੰਗ ਨੂੰ ਲੈ ਕੇ ਕਾਫੀ ਸਖਤ ਹੋ ਚੁੱਕੀ ਹੈ। ਕੈਨੇਡਾ ਦੀ ਸਰਕਾਰ ਵਲੋਂ ਹੁਣ ਕੋਈ ਵੀ ਸਟੂਡੈਂਟ ਲਾਅ ਮੁਤਾਬਿਕ ਇਕ ਹਫਤੇ 'ਚ 20 ਘੰਟੇ ਤੋਂ ਵੱਧ ਕੰਮ ਕਰਦਾ ਫੜਿਆ ਗਿਆ ਤਾਂ ਉਸ ਨੂੰ ਉਸੇ ਸਮੇਂ ਡਿਪੋਰਟ ਕੀਤਾ ਜਾਵੇਗਾ। ਭਾਵੇਂ ਕੈਨੇਡਾ ਸਰਕਾਰ ਵੱਲੋਂ ਰੂਲ ਨੂੰ ਸਖਤੀ ਨਾਲ ਲਾਗੂ ਕਰਨ ਦੇ ਮਾਮਲੇ 'ਚ ਇੰਟਰਨੈਸ਼ਨਲ ਖਾਸ ਤੌਰ 'ਤੇ ਪੰਜਾਬੀ ਸਟੂਡੈਂਟਸ ਜੋ ਕਿ ਕੰਮ ਕਰ ਕੇ ਆਪਣੀ ਕਾਲਜ ਦੀ ਫੀਸ ਦਿੰਦੇ ਹਨ, ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਅਸਲ 'ਚ ਸਾਲ 2017 'ਚ ਪੰਜਾਬ ਦੇ ਹੀ ਇਕ ਜ਼ਿਲੇ ਦਾ ਵਿਦਿਆਰਥੀ ਜੋਬਨਦੀਪ ਸਿੰਘ ਸੰਧੂ (22) ਜੋ ਕਿ ਕੈਨਾਡੋਰ ਕਾਲਜ ਮਿਸੀਸਾਗਾ 'ਚ ਮਕੈਨੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕਰ ਰਿਹਾ ਸੀ, ਟਰੱਕ ਡਰਾਈਵਰੀ ਕਰਦੇ ਹੋਏ ਟੋਰਾਂਟੋ 'ਚ ਓਂਟਾਰੀਓ ਪੁਲਸ ਵੱਲੋਂ ਗਲਤ ਡਰਾਈਵਰੀ ਦੇ ਚੱਕਰ 'ਚ ਫੜਿਆ ਗਿਆ ਪਰ ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਤਾਂ ਉਹ ਕੈਨੇਡਾ ਸਰਕਾਰ ਦੀ ਇਮੀਗ੍ਰੇਸ਼ਨ ਪਾਲਿਸੀ ਅਨੁਸਾਰ ਨਿਰਧਾਰਿਤ ਸਮਾਂ ਜੋ ਕਿ 20 ਘੰਟੇ ਹੈ, ਤੋਂ ਵੱਧ ਤਕਰੀਬਨ 35 ਘੰਟੇ ਤੋਂ ਕੰਮ ਕਰ ਰਿਹਾ ਸੀ। ਪੁਲਸ ਨੇ ਉਸ ਨੂੰ ਇਮੀਗ੍ਰੇਸ਼ਨ ਪਾਲਿਸੀ ਦੀ ਉਲੰਘਣਾ ਦੇ ਤਹਿਤ ਗ੍ਰਿਫਤਾਰ ਕਰ ਲਿਆ, ਜਿਸ ਤੋਂ ਬਾਅਦ ਉਸ 'ਤੇ ਬਕਾਇਦਾ ਅੱਜ ਤੱਕ ਕੇਸ ਅੰਡਰਟ੍ਰਾਇਲ ਮੰਨਿਆ ਗਿਆ ਹੈ, ਜਿਸ ਵਿਚ ਹੁਣ ਤਾਜ਼ੀ ਜਜਮੈਂਟ ਇਹ ਆਈ ਹੈ ਕਿ ਉਹ ਇਮੀਗ੍ਰੇਸ਼ਨ ਪਾਲਿਸੀ ਦੀ ਉਲੰਘਣਾ ਕਰਦਿਆਂ ਰੰਗੇ ਹੱਥੀਂ ਫੜੇ ਜਾਣ ਦੇ ਮਾਮਲੇ ਵਿਚ ਦੋਸ਼ੀ ਪਾਇਆ ਗਿਆ ਹੈ, ਜਿਸ ਨੂੰ ਲੈ ਕੇ ਉਸ ਨੂੰ ਹੁਕਮ ਦਿੱਤੇ ਗਏ ਹਨ ਕਿ ਉਹ 31 ਮਈ ਤੱਕ ਦੇਸ਼ (ਕੈਨੇਡਾ) ਛੱਡ ਕੇ ਭਾਰਤ ਪਰਤ ਜਾਵੇ।
ਇਸ ਮਾਮਲੇ 'ਚ ਕੈਨੇਡਾ ਸਰਕਾਰ ਇਸ ਤਰ੍ਹਾਂ ਦੇ ਆਰਡਰ ਜਾਰੀ ਕਰਕੇ ਇਕ ਬੈਂਚ ਮਾਰਕ ਕਾਇਮ ਕਰਨਾ ਚਾਹੁੰਦੀ ਹੈ। ਕੈਨੇਡਾ ਸਰਕਾਰ ਦੇ ਇਨ੍ਹਾਂ ਹੁਕਮਾਂ ਦੀ ਪੰਜਾਬੀ ਭਾਈਚਾਰੇ ਵਿਚ ਕਾਫੀ ਖਿਲਾਫਤ ਸਾਹਮਣੇ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਵੀ ਪੰਜਾਬੀ ਕਾਫੀ ਭੜਾਸ ਕੱਢ ਰਹੇ ਹਨ। ਉਥੇ ਦੂਜੇ ਪਾਸੇ ਕੈਨੇਡਾ ਸਰਕਾਰ ਵਿਚ ਪੰਜਾਬੀ ਮਨਿਸਟਰਾਂ ਦੀ ਗਿਣਤੀ ਵੱਧ ਹੋਣ ਕਾਰਨ ਆਉਣ ਵਾਲੀਆਂ ਚੋਣਾਂ ਵਿਚ ਜਿੱਤ ਨੂੰ ਲੈ ਕੇ ਟਰੂਡੋ ਸਰਕਾਰ ਕਾਫੀ ਮੁਸ਼ਕਲਾਂ ਵਿਚ ਆ ਸਕਦੀ ਹੈ।

ਕੈਨੇਡਾ ਦੀ ਇਕ ਨਿਊਜ਼ ਪੋਰਟਲ 'ਚ ਛਪੀ ਖਬਰ ਅਨੁਸਾਰ ਪੰਜਾਬ ਦੇ ਰਹਿਣ ਵਾਲੇ ਜੋਬਨਦੀਪ ਸਿੰਘ ਨੇ ਬਿਆਨ ਦਿੱਤਾ ਕਿ ਉਹ ਤਾਂ ਸਿਰਫ ਆਪਣੀ ਕਾਲਜ ਦੀ ਫੀਸ ਦੇਣ ਲਈ ਦਿਨ-ਰਾਤ ਮਿਹਨਤ ਕਰ ਰਿਹਾ ਸੀ ਕਿਉਂਕਿ ਉਸ ਕੋਲੋਂ ਆਪਣਾ ਖਰਚ ਅਤੇ ਟਿਊਸ਼ਨ ਫੀਸ ਅਦਾ ਕਰਨ ਲਾਇਕ ਪੈਸੇ ਨਹੀਂ ਜੁੜ ਰਹੇ ਸਨ। ਫਿਰ ਉਸ ਨੂੰ ਕਿਸੇ ਦੋਸਤ ਦੇ ਜ਼ਰੀਏ ਟਰੱਕ ਡਰਾਈਵਰੀ ਦੀ ਜਾਬ ਮਿਲ ਗਈ, ਜਿਸ ਵਿਚ ਉਸ ਨੂੰ ਆਪਣੀ ਟਿਊਸ਼ਨ ਫੀਸ ਤੇ ਖਰਚ ਲਾਇਕ ਪੈਸੇ ਮਿਲਣ ਲੱਗੇ, ਜਿਸ ਨਾਲ ਉਸ ਦਾ ਚੰਗਾ ਗੁਜ਼ਾਰਾ ਹੋਣ ਲੱਗਾ।
ਕੰਮ ਦੇ ਨਾਲ-ਨਾਲ ਉਹ ਟਰੱਕ ਡਰਾਈਵਰੀ ਕਰ ਰਿਹਾ ਸੀ, ਜਿਸ ਦੌਰਾਨ ਉਹ ਟਰੱਕ ਵਿਚ ਰੱਖਿਆ ਲੋਡ ਸਾਮਾਨ ਛੱਡਣ ਜਾ ਰਿਹਾ ਸੀ ਤੇ ਰਸਤੇ ਵਿਚ ਉਸ ਨੂੰ ਓਂਟਾਰੀਓ ਦੇ ਰਸਤੇ ਵਿਚ ਪੁਲਸ ਨੇ ਫੜ ਲਿਆ, ਜਿਸ ਤੋਂ ਬਾਅਦ ਉਸ ਦੇ ਦਸਤਾਵੇਜ਼ ਚੈੱਕ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਸ ਨੂੰ ਸਿਰਫ 20 ਘੰਟੇ ਕੰਮ ਕਰਨ ਦਾ ਪਰਮਿਟ ਗ੍ਰਾਂਟ ਹੋਇਆ ਸੀ ਪਰ ਉਹ ਪਿਛਲੇ 35 ਘੰਟਿਆਂ ਤੋਂ ਟਰੱਕ ਚਲਾ ਰਿਹਾ ਸੀ। ਇਮੀਗ੍ਰੇਸ਼ਨ ਪਾਲਿਸੀ ਦੀ ਉਲੰਘਣਾ ਹੁੰਦੀ ਵੇਖ ਕੇ ਉਸ ਨੂੰ ਗ੍ਰਿਫਤਾਰ ਕਰ ਕੇ ਉਸ 'ਤੇ ਕੇਸ ਰਜਿਸਟਰ ਕੀਤਾ ਗਿਆ।

ਜੋਬਨ ਨੇ ਮੀਡੀਆ ਸਾਹਮਣੇ ਦਾਅਵਾ ਕੀਤਾ ਕਿ ਉਸ 'ਤੇ ਕੋਈ ਵੀ ਅਪਰਾਧਿਕ ਕੇਸ ਦਰਜ ਨਹੀਂ ਹੈ ਅਤੇ ਨਾ ਹੀ ਉਸ ਖਿਲਾਫ ਕੋਈ ਲੜਾਈ-ਝਗੜੇ ਦੀ ਸ਼ਿਕਾਇਤ ਹੈ। ਉਸ ਦੀ ਲਾਗ ਬੁੱਕ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਉਹ ਕੈਨੇਡੀਅਨ ਸਟੂਡੈਂਟ ਹੈ ਅਤੇ ਪਿਛਲੇ 2 ਸਾਲ ਤੋਂ ਕੈਨੇਡਾ ਵਿਚ ਪੜ੍ਹ ਰਿਹਾ ਸੀ। ਦਸ ਦਿਨਾਂ ਬਾਅਦ ਉਹ ਮਿਸੀਸਾਗਾ ਸਥਿਤ ਆਪਣੇ ਕਾਲਜ ਤੋਂ ਉਸ ਨੂੰ ਮਕੈਨੀਕਲ ਇੰਜੀਨੀਅਰ ਦੀ ਡਿਗਰੀ ਮਿਲਣੀ ਸੀ, ਜਿਸ ਤੋਂ ਬਾਅਦ ਉਹ ਬਤੌਰ ਮਕੈਨੀਕਲ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਨਾ ਚਾਹੁੰਦਾ ਸੀ ਪਰ ਇਸ ਗਲਤੀ ਕਾਰਨ ਉਸ ਨੂੰ ਇੰਨੀ ਵੱਡੀ ਸਜ਼ਾ ਦਿੱਤੀ ਜਾ ਰਹੀ ਹੈ, ਇਸ ਗੱਲ ਦੀ ਉਸ ਨੂੰ ਬੇਹੱਦ ਹੈਰਾਨੀ ਹੈ।


ਜੋਬਨ ਨੇ ਪਹਿਲਾਂ ਹੀ ਕੀਤੀ ਹੋਈ ਸੀ ਆਈ. ਆਰ. ਸੀ. ਸੀ. (ਇਮੀਗ੍ਰੇਸ਼ਨ ਰਫਿਊਜ਼ੀ ਐਂਡ ਸਿਟੀਜ਼ਨਸ਼ਿਪ ਕੈਨੇਡਾ) ਵਿਚ ਸਟੱਡੀ ਪਰਮਿਟ ਦੀ ਬੇਨਤੀ
ਉਥੇ ਜੋਬਨ ਦੇ ਵਕੀਲਾਂ ਵੱਲੋਂ ਮੀਡੀਆ ਸਾਹਮਣੇ ਦਾਅਵਾ ਕੀਤਾ ਕਿ ਜੋਬਨ ਨੇ ਕਾਫੀ ਦੇਰ ਪਹਿਲਾਂ ਆਈ. ਆਰ. ਸੀ. ਸੀ. ਵਿਚ ਸਟੱਡੀ ਪਰਮਿਟ ਲਈ ਅਪਲਾਈ ਕੀਤਾ ਹੋਇਆ ਸੀ। ਜੇਕਰ ਆਈ. ਆਰ. ਸੀ. ਸੀ. ਉਸ ਵਲੋਂ ਦਾਖਲ ਕੀਤੀ ਗਈ ਐਪਲੀਕੇਸ਼ਨ ਨੂੰ ਮਨਜ਼ੂਰ ਕਰਦੀ ਹੈ ਤਾਂ ਹੀ ਉਸ ਨੂੰ ਸਰਕਾਰ ਵਲੋਂ ਡਿਪੋਰਟ ਕੀਤੇ ਗਏ ਹੁਕਮਾਂ ਨੂੰ ਵਾਪਸ ਲਿਆ ਜਾ ਸਕਦਾ ਹੈ।
ਇਹ ਕਹਿੰਦੇ ਹਨ ਐਕਸਪਰਟਸ
ਉਥੇ ਇਸ ਸਬੰਧ ਵਿਚ ਕੈਨੇਡਾ 'ਚ ਰਹਿੰਦੇ ਆਰ. ਆਈ. ਸੀ. ਸੀ. ਦੇ ਤਹਿਤ ਇਮੀਗ੍ਰੇਸ਼ਨ ਲਾਇਰ ਅਤੇ ਕੈਲੀਬਰ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਗੈਰੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਖਾਸ ਤੌਰ 'ਤੇ ਪੰਜਾਬ ਵਿਚ ਰਹਿੰਦੇ ਮਾਤਾ-ਪਿਤਾ ਨੂੰ ਇਹ ਹੀ ਸਲਾਹ ਹੈ ਕਿ ਉਹ ਇਮੀਗ੍ਰੇਸ਼ਨ ਪਾਲਿਸੀ ਦੇ ਤਹਿਤ ਆਪਣੇ ਬੱਚਿਆਂ ਨੂੰ ਵਿਦੇਸ਼ ਪੜ੍ਹਨ ਲਈ ਭੇਜ ਦਿੰਦੇ ਹਨ ਪਰ ਜੇਕਰ ਇੰਟਰਨੈਸ਼ਨਲ ਸਟੂਡੈਂਟ ਇਥੇ ਕਾਨੂੰਨ ਦੀ ਉਲੰਘਣਾ ਕਰਕੇ ਕੰਮ ਕਰਨਗੇ ਤਾਂ ਇਸ ਨਾਲ ਸਟੂਡੈਂਟ ਸਮੇਤ ਮਾਤਾ-ਪਿਤਾ ਦਾ ਮਨੋਬਲ ਟੁੱਟੇਗਾ ਅਤੇ ਬੱਚਿਆਂ ਦਾ ਭਵਿੱਖ ਵੀ ਖਰਾਬ ਹੋ ਜਾਵੇਗਾ ਕਿਉਂਕਿ ਜੇਕਰ ਇਸ ਤਰੀਕੇ ਦੀ ਮੁਸ਼ਕਲ 'ਚ ਕੋਈ ਇੰਟਰਨੈਸ਼ਨਲ ਸਟੂਡੈਂਟ ਫਸਦਾ ਹੈ ਤਾਂ ਉਸ ਨੂੰ ਅੱਗੇ ਜਾ ਕੇ ਪਰਮਾਨੈਂਟ ਰੈਜ਼ੀਡੈਂਸੀ ਲੈਣ ਤੇ ਸਿਟੀਜ਼ਨਸ਼ਿਪ ਲੈਣ 'ਚ ਮੁਸ਼ਕਿਲਾਂ ਆਉਣਗੀਆਂ, ਜਿਸ ਨਾਲ ਇੰਨੀ ਵੱਡੀ ਕੀਮਤ ਅਦਾ ਕਰਕੇ ਬੱਚਿਆਂ ਦਾ ਭਵਿੱਖ ਸੰਵਾਰਨ ਦੇ ਚੱਕਰ 'ਚ ਕਾਫੀ ਅੜਚਣਾਂ ਆਉਣਗੀਆਂ। ਇਸ ਲਈ ਇੰਟਰਨੈਸ਼ਨਲ ਸਟੂਡੈਂਟ ਪਾਲਿਸੀ ਦੇ ਤਹਿਤ ਹੀ ਕੰਮ ਕਰਨ ਅਤੇ ਕਾਨੂੰਨ ਆਪਣੇ ਹੱਥਾਂ 'ਚ ਨਾ ਲੈਣ।


shivani attri

Content Editor

Related News