ਕੈਨੇਡਾ ਦੇ ਸਾਬਕਾ ਮੰਤਰੀ ਨੇ ਇਮਰਾਨ ਖਾਨ ''ਤੇ ਵਿੰਨ੍ਹਿਆ ਨਿਸ਼ਾਨਾ, ਬੌਖਲਾਇਆ ਪਾਕਿ

2021-08-02T18:22:05.603

ਕਾਬੁਲ (ਬਿਊਰੋ): ਕੈਨੇਡਾ ਦੇ ਸਾਬਕਾ ਮੰਤਰੀ ਅਤੇ ਅਫਗਾਨਿਸਤਾਨ ਵਿਚ ਰਾਜਦੂਤ ਰਹਿ ਚੁੱਕੇ ਕ੍ਰਿਸ ਅਲੈਗਜ਼ੈਂਡਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ 'ਬੇਸ਼ਰਮ ਝੂਠਾ' ਕਰਾਰ ਦਿੱਤਾ ਹੈ। ਇਹੀ ਨਹੀਂ ਕ੍ਰਿਸ ਨੇ ਦੁਨੀਆ ਨੂੰ ਅਪੀਲ ਕੀਤੀ ਕਿ ਤਾਲਿਬਾਨ ਨੂੰ ਵਧਾਵਾ ਦੇਣ ਲਈ ਇਮਰਾਨ ਖਾਨ 'ਤੇ ਪਾਬੰਦੀ ਲੱਗਣੀ ਚਾਹੀਦੀ ਹੈ। ਕ੍ਰਿਸ ਨੇ ਤਾਲਿਬਾਨ ਅੱਤਵਾਦੀਆਂ ਦੇ ਪਾਕਿਸਤਾਨ ਸਰਹੱਦ 'ਤੇ ਇੰਤਜ਼ਾਰ ਕਰਨ ਦੀ ਤਸਵੀਰ ਪੋਸਟ ਕਰ ਕੇ ਕਿਹਾ ਕਿ ਜੇਕਰ ਕੋਈ ਇਹ ਕਹਿੰਦਾ ਹੈ ਕਿ ਪਾਕਿਸਤਾਨ ਅਫਗਾਨਿਸਤਾਨ ਖ਼ਿਲਾਫ਼ ਹਮਲਾਵਰ ਕਾਰਵਾਈ ਵਿਚ ਸ਼ਾਮਲ ਨਹੀਂ ਹੈ ਤਾਂ ਉਹ ਇਸ ਪ੍ਰੌਕਸੀ ਯੁੱਧ ਵਿਚ ਸਹਿ ਅਪਰਾਧੀ ਹੈ।

ਕ੍ਰਿਸ ਨੇ ਇਮਰਾਨ ਖਾਨ ਬਾਰੇ ਕਿਹਾ,''ਇਹ ਵਿਅਕਤੀ ਪੂਰੀ ਤਰ੍ਹਾਂ ਨਾਲ ਧੋਖੇਬਾਜ਼ ਹੈ। ਇਕ ਬੇਸ਼ਰਮ ਝੂਠਾ ਹੈ, ਜਿਸ ਦੇ ਅੰਦਰ ਕੋਈ ਸਮਰੱਥਾ ਨਹੀਂ ਹੈ। ਇਹ ਧੋਖੇਬਾਜ਼ ਹੈ ਜੋ ਦਹਾਕਿਆਂ ਤੱਕ ਤਾਲਿਬਾਨ ਨੂੰ ਵਧਾਵਾ ਦੇਣ ਵਾਲੇ ਮੂਰਖਾਂ ਵਿਚ ਸ਼ਾਮਲ ਹੈ।'' ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵਾਂਗ ਇਕ 'ਅਛੂਤ' ਹਨ। ਉਹ ਸਿਰਫ ਸਖ਼ਤ ਪਾਬੰਦੀਆਂ ਦੇ ਹੱਕਦਾਰ ਹਨ। ਕੈਨੇਡਾ ਦੇ ਸਾਬਕਾ ਮੰਤਰੀ ਦੇ ਇਸ ਬਿਆਨ 'ਤੇ ਪਾਕਿਸਤਾਨ ਸਰਕਾਰ ਭੜਕ ਪਈ ਹੈ।

PunjabKesari

ਪਾਕਿਸਤਾਨ ਨੇ ਬਿਆਨ ਦੀ ਕੀਤੀ ਨਿੰਦਾ
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਕ੍ਰਿਸ ਦਾ ਬਿਆਨ ਅਫਗਾਨ ਸ਼ਾਂਤੀ ਵਾਰਤਾ ਨੂੰ ਲੈ ਕੇ ਬਣੀ ਸਮਝ ਨਾਲ ਧੋਖਾ ਹੈ। ਪਾਕਿਸਤਾਨ ਨੇ ਦਾਅਵਾ ਕੀਤਾ ਕਿ ਕ੍ਰਿਸ ਦਾ ਬਿਆਨ ਜ਼ਮੀਨੀ ਸੱਚਾਈ ਨਾਲ ਮੇਲ ਨਹੀਂ ਖਾਂਦਾ। ਪਾਕਿਸਤਾਨ ਨੇ ਕ੍ਰਿਸ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ- ਪਾਕਿ ਨੇ GB ਨੂੰ ਅਸਥਾਈ ਸੂਬੇ ਦਾ ਦਰਜਾ ਦੇਣ 'ਤੇ ਕਾਨੂੰਨ ਦੀ ਰੂਪਰੇਖਾ ਕੀਤੀ ਤੈਅ

ਪਾਕਿਸਤਾਨ ਦੇ ਇਸ ਬਿਆਨ 'ਤੇ ਕ੍ਰਿਸ ਨੇ ਪਲਟਵਾਰ ਕੀਤਾ। ਉਹਨਾਂ ਨੇ ਕਿਹਾ ਕਿ ਇਮਰਾਨ ਖਾਨ ਅਤੇ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੇ ਨਾਜਾਇਜ਼, ਬੇਬੁਨਿਆਦ ਅਤੇ ਗੁੰਮਰਾਹਕੁੰਨ ਦਾਅਵੇ ਉਹਨਾਂ ਸਾਰਿਆਂ ਨਾਲ ਬੇਈਮਾਨੀ ਹੈ ਜਿਹਨਾਂ ਨੇ ਅਫਗਾਨ ਸ਼ਾਂਤੀ ਅਤੇ ਸਥਿਰਤਾ ਲਈ ਕੰਮ ਕੀਤਾ ਸੀ। ਕੈਨੇਡੀਅਨ ਮੰਤਰੀ ਨੇ ਤਾਲਿਬਾਨ ਅੱਤਵਾਦੀਆਂ ਦਾ ਸਮਰਥਨ ਕਰਨ ਲਈ ਪਾਕਿਸਤਾਨ 'ਤੇ ਪਾਬੰਦੀ ਲਗਾਏ ਜਾਣ ਦੀ ਮੰਗ ਕੀਤੀ। ਇੱਥੇ ਦੱਸ ਦਈਏ ਕਿ ਪਾਕਿਸਤਾਨ ਅਤੇ ਉਹਨਾਂ ਦੇ ਪ੍ਰਧਾਨ ਮੰਤਰੀ 'ਤੇ ਕਈ ਅਫਗਾਨ ਨੇਤਾ ਤਾਲਿਬਾਨ ਦੀ ਖੁੱਲ੍ਹ ਕੇ ਮਦਦ ਕਰਨ ਦੇ ਦੋਸ਼ ਲੱਗ ਚੁੱਕੇ ਹਨ। ਕਈ ਪਾਕਿਸਤਾਨੀ ਸੈਨਿਕ ਅਤੇ ਅੱਤਵਾਦੀ ਅਫਗਾਨਿਸਤਾਨ ਵਿਚ ਯੁੱਧ ਕਰਦਿਆਂ ਦੇਖੇ ਗਏ ਹਨ। ਅਫਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ ਗਨੀ ਨੇ ਇਮਰਾਨ ਖਾਨ ਦੇ ਸਾਹਮਣੇ ਹੀ ਪਾਕਿਸਤਾਨ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ।

ਨੋਟ- ਇਸ ਖ਼ਬਰ ਬਾਰੇ ਆਪਣੀ ਰਾਏ ਕੁਮੈਂਟ ਬਾਕਸ ਵਿਚ ਜ਼ਰੂਰ ਦਿਓ।


Vandana

Content Editor Vandana