ਕੈਨੇਡਾ ''ਚ 47 ਹਜ਼ਾਰ ਕੋਰੋਨਾ ਪਾਜ਼ੀਟਿਵ, 2500 ਤੋਂ ਵੱਧ ਮੌਤਾਂ, ਘਰੇਲੂ ਹਿੰਸਾ ਵੀ ਵਧੀ
Monday, Apr 27, 2020 - 02:55 PM (IST)

ਓਟਾਵਾ— ਵਿਸ਼ਵ ਭਰ 'ਚ ਕੋਰੋਨਾ ਵਾਇਰਸ ਦੀ ਲੜੀ ਨਾ ਟੁੱਟਣ ਕਾਰਨ ਸਥਿਤੀ ਗੰਭੀਰ ਹੁੰਦੀ ਜਾ ਰਹੀ ਹੈ। ਇਸ ਵਿਚਕਾਰ ਘਰੇਲੂ ਹਿੰਸਾਂ ਦੇ ਮਾਮਲੇ ਵੀ ਵਿਸ਼ਵ ਭਰ 'ਚ ਵੱਧ ਰਹੇ ਹਨ। ਕੈਨੇਡਾ 'ਚ ਕੋਰੋਨਾ ਪਾਜ਼ੀਟਿਵ ਮਾਮਲਿਆਂ ਦੀ ਗਿਣਤੀ 47 ਹਜ਼ਾਰ 'ਤੇ ਪਹੁੰਚ ਗਈ ਹੈ ਅਤੇ 2,500 ਤੋਂ ਵੱਧ ਲੋਕਾਂ ਦੀ ਇਸ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।
ਕੈਨੇਡਾ ਦੇ ਮਹਿਲਾ ਤੇ ਲਿੰਗ ਸਮਾਨਤਾ ਮੰਤਰਾਲਾ ਦੀ ਮੰਤਰੀ ਮੁਤਾਬਕ, ਕੋਰੋਨਾ ਲਾਕਡਾਊਨ ਦੌਰਾਨ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਘਰੇਲੂ ਹਿੰਸਾ ਦੀਆਂ ਘਟਨਾਵਾਂ 'ਚ ਵੀ ਵਾਧਾ ਹੋ ਰਿਹਾ ਹੈ। ਮਰੀਅਮ ਮੋਨਸੇਫ ਨੇ ਇਕ ਇੰਟਰਵਿਊ 'ਚ ਕਿਹਾ ਕਿ ਲਿੰਗ-ਆਧਾਰਿਤ ਹਿੰਸਾ ਅਤੇ ਘਰੇਲੂ ਹਿੰਸਾ ਦੇ ਮਾਮਲੇ 20 ਤੋਂ 30 ਫੀਸਦੀ ਵਧੇ ਹਨ, ਹਾਲਾਂਕਿ ਫਿਲਹਾਲ ਸਟੀਕ ਅੰਕੜੇ ਉਪਲਬਧ ਨਹੀਂ ਹਨ। ਪਿਛਲੇ ਹਫਤੇ, ਟੋਰਾਂਟੋ ਦੇ ਉੱਤਰੀ 'ਚ ਆਬਾਦੀ ਦੀ ਸੇਵਾ ਕਰਨ ਵਾਲੀ ਯੌਰਕ ਖੇਤਰੀ ਪੁਲਸ ਨੇ 17 ਮਾਰਚ ਤੋਂ ਘਰ 'ਚ ਰਹਿਣ ਦੇ ਉਪਾਅ ਲਾਗੂ ਹੋਣ ਤੋਂ ਬਾਅਦ ਘਰੇਲੂ ਘਟਨਾਵਾਂ 'ਚ 22 ਫੀਸਦੀ ਵਾਧਾ ਦਰਜ ਕੀਤਾ ਸੀ।
ਓਂਟਾਰੀਓ, ਕਿਊਬਿਕ 'ਚ ਸਭ ਤੋਂ ਵੱਧ ਪਾਜ਼ੀਟਿਵ
ਕੈਨੇਡਾ ਦੇ ਦੋ ਸੂਬੇ ਓਂਟਾਰੀਓ ਅਤੇ ਕਿਊਬਿਕ ਕੋਰੋਨਾ ਵਾਇਰਸ ਮਹਾਂਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹਨ। ਓਂਟਾਰੀਓ 'ਚ 14,000 ਤੋਂ ਵੱਧ, ਜਦੋਂ ਕਿ ਕਿਊਬਿਕ 'ਚ 24,000 ਤੋਂ ਵੱਧ ਮਾਮਲੇ ਪਾਜ਼ੀਟਿਵ ਹਨ। ਇਸ ਤੋਂ ਬਾਅਦ ਅਲਬਰਟਾ ਹੈ, ਜਿਸ 'ਚ 4,400 ਤੋਂ ਵੱਧ ਮਾਮਲੇ ਹਨ ਅਤੇ ਇਸ ਤੋਂ ਮਗਰੋਂ ਤਕਰੀਬਨ 2,000 ਮਾਮਲਿਆਂ ਨਾਲ ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਹੈ। ਜਿੱਥੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਤੇ ਨਿਊ ਬਰਨਸਵਿਕ ਸਮੇਤ ਕਈ ਹੋਰ ਸੂਬਿਆਂ ਨੇ ਸਕੂਲ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤੇ ਹਨ, ਉੱਥੇ ਹੀ ਓਂਟਾਰੀਓ ਹਰ ਕੁਝ ਹਫਤੇ ਸਥਿਤੀ ਨੂੰ ਦੇਖ ਕੇ ਬੰਦ ਨੂੰ ਵਧਾ ਰਿਹਾ ਹੈ। ਹੁਣ ਓਂਟਾਰੀਓ ਸੂਬਾ ਸਰਕਾਰ ਨੇ ਕਿਹਾ ਹੈ ਕਿ ਪਬਲਿਕ ਸਕੂਲ ਘੱਟੋ-ਘੱਟ ਮਈ ਦੇ ਅੰਤ ਤੱਕ ਬੰਦ ਰਹਿਣਗੇ। ਜ਼ਿਕਰਯੋਗ ਹੈ ਕਿ 2 ਅਪ੍ਰੈਲ ਨੂੰ ਕੈਨੇਡਾ 'ਚ ਕੋਵਿਡ ਦੇ ਮਾਮਲੇ 10,000 ਤੋਂ ਪਾਰ ਹੋਏ ਸਨ, ਜਦੋਂ ਕਿ ਮਹੀਨੇ ਦੇ ਅੰਦਰ-ਅੰਦਰ ਹੀ ਹੁਣ ਮਾਮਲੇ 46 ਹਜ਼ਾਰ ਤੋਂ ਵੀ ਪਾਰ ਹੋ ਗਏ ਹਨ।