ਕੈਨੇਡਾ : ਕੋਰੋਨਾ ਦੇ ਰੋਜ਼ਾਨਾ ਮਾਮਲਿਆਂ ’ਚ ਵਾਧਾ ਜਾਰੀ
Sunday, Oct 18, 2020 - 11:16 AM (IST)
ਓਟਾਵਾ- ਕੈਨੇਡਾ ’ਚ ਚਲ ਰਹੀ ਕੋਵਿਡ-19 ਦੀ ਦੂਸਰੀ ਲਹਿਰ ਵਿਚਾਲੇ ਦੇਸ਼ ’ਚ 2,215 ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਰੋਜਾ਼ਨਾ ਮਾਮਲਿਆਂ ’ਚ ਔਸਤਨ ਵਾਧਾ ਜਾਰੀ ਹੈ। ਖ਼ਬਰ ਮੁਤਾਬਕ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ ਦੱਸਿਆ ਕਿ ਪਿਛਲੇ ਹਫਤੇ ਹਸਪਤਾਲਾਂ ’ਚ ਰੋਜ਼ਾਨਾ ਔਸਤਨ 870 ਪੀੜਤ ਲੋਕ ਸਨ ਅਤੇ ਰੋਜ਼ 20 ਮੌਤਾਂ ਹੋਈਆਂ।
ਮੁੱਖ ਲੋਕ ਸਿਹਤ ਅਧਿਕਾਰੀ ਥੇਰੇਸਾ ਟੈਮ ਨੇ ਸ਼ੁੱਕਰਵਾਰ ਨੂੰ ਕੈਨੇਡੀਅਨ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਸਥਾਨਕ ਜਨਤਕ ਲੋਕ ਅਧਿਕਾਰੀਆਂ ਦੀ ਸਲਾਹ ’ਤੇ ਧਿਆਨ ਦੇਣ। ਟੈਮ ਨੇ ਇਕ ਬਿਆਨ ’ਚ ਕਿਹਾ ਕਿ ਕੋਵਿਡ-19 ਗਤੀਵਿਧੀ ਨੂੰ ਇਕ ਪ੍ਰਬੰਧਕੀ ਪੱਧਰ ’ਤੇ ਰੱਖਣ ਲਈ ਵਿਸ਼ੇਸ਼ ਤੌਰ ’ਤੇ ਉੱਚ ਇਨਫੈਕਟਡ ਦਰ ਦਾ ਅਨੁਭਵ ਕਰਨ ਵਾਲੇ ਖੇਤਰਾਂ ’ਤੇ ਪਾਬੰਦੀ ਲਗਾਈ ਜਾ ਸਕਦੀ ਹੈ ਜਾਂ ਸਰਗਰਮੀਆਂ ਸੀਮਤ ਕੀਤੀ ਜਾ ਸਕਦੀਆਂ ਹਨ।
ਦੱਸ ਦਈਏ ਕਿ ਦੇਸ਼ ਵਿਚ ਇਸ ਸਮੇਂ 21,091 ਮਾਮਲਾ ਕਿਰਿਆਸ਼ੀਲ ਹਨ ਤੇ 1 ਲੱਖ 65 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਵਾਇਰਸ ਨੂੰ ਮਾਤ ਦੇ ਕੇ ਸਿਹਤਯਾਬ ਹੋ ਚੁੱਕੇ ਹਨ। ਕੈਨੇਡਾ ਵਿਚ ਕੋਰੋਨਾ 9,746 ਲੋਕਾਂ ਦੀ ਜਾਨ ਲੈ ਚੁੱਕਾ ਹੈ। ਓਂਟਾਰੀਓ ਵਿਚ ਬੀਤੇ 24 ਘੰਟਿਆਂ ਦੌਰਾਨ 805 ਨਵੇਂ ਮਾਮਲੇ ਸਾਹਮਣੇ ਆਏ ਤੇ 10 ਲੋਕਾਂ ਦੀ ਮੌਤ ਹੋ ਗਈ। ਇਸ ਦੇ ਨਾਲ ਹੀ ਕਿਊਬਿਕ ਵਿਚ 1,279 ਨਵੇਂ ਮਾਮਲੇ ਦਰਜ ਹੋਏ ਤੇ 14 ਮੌਤਾਂ ਬਾਰੇ ਜਾਣਕਾਰੀ ਮਿਲੀ ਹੈ। ਬਾਕੀ ਸੂਬਿਆਂ ਵਿਚ ਕੋਰੋਨਾ ਦੇ ਮਾਮਲੇ ਘੱਟ ਹਨ।