ਕੈਨੇਡਾ ''ਚ ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਵਧੀ ਮੈਡੀਕਲ ਅਧਿਕਾਰੀਆਂ ਦੀ ਚਿੰਤਾ

07/19/2020 11:54:21 AM

ਓਟਾਵਾ- ਕੈਨੇਡਾ ਨੇ ਕਾਫੀ ਹੱਦ ਤਕ ਕੋਰੋਨਾ ਵਾਇਰਸ ਨੂੰ ਮਾਤ ਦਿੱਤੀ ਹੈ ਤੇ ਲੋਕ ਵੱਡੀ ਗਿਣਤੀ ਵਿਚ ਸਿਹਤਯਾਬ ਹੋਏ ਹਨ ਪਰ ਇਕ ਵਾਰ ਫਿਰ ਕੋਰੋਨਾ ਦੇ ਮਾਮਲੇ ਵਧਣ ਨਾਲ ਮੈਡੀਕਲ ਅਧਿਕਾਰੀਆਂ ਦੀ ਚਿੰਤਾ ਵੱਧ ਗਈ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਾਈਟ ਕਲੱਬਾਂ, ਬਾਰਾਂ ਅਤੇ ਪਾਰਟੀਆਂ 'ਤੇ ਇਕੱਠੇ ਹੋਣ ਵਾਲੇ ਲੋਕ ਕੋਰੋਨਾ ਦਾ ਖਤਰਾ ਵਧਾ ਰਹੇ ਹਨ।
 
ਡਿਪਟੀ ਪਬਲਿਕ ਹੈਲਥ ਅਧਿਕਾਰੀ ਹੋਵਾਰਡ ਨਜੂ ਨੇ ਕਿਹਾ ਕਿ ਸੁਰੱਖਿਆ ਕਾਰਨਾਂ ਕਰਕੇ ਲੋਕਾਂ ਨੂੰ ਅਜੇ ਸਮਾਜਕ ਦੂਰੀ ਬਣਾ ਕੇ ਰੱਖਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੇ ਮਾਮਲੇ ਲਗਾਤਾਰ ਘੱਟ ਰਹੇ ਸਨ ਤੇ ਹੁਣ ਇਸ ਵਿਚ ਅਚਾਨਕ ਵਾਧਾ ਹੋਇਆ ਹੈ।
 
ਜੁਲਾਈ ਮਹੀਨੇ ਵਿਚ ਹੌਲੀ-ਹੌਲੀ ਕੋਰੋਨਾ ਦੇ ਮਾਮਲੇ ਵਧ ਰਹੇ ਹਨ। 16 ਜੁਲਾਈ ਨੂੰ 430 ਨਵੇਂ ਮਾਮਲੇ ਦਰਜ ਕੀਤੇ ਗਏ ਹਨ ਜਦਕਿ ਇਸ ਤੋਂ ਪਹਿਲਾਂ 350 ਤੱਕ ਮਾਮਲੇ ਸਾਹਮਣੇ ਆ ਰਹੇ ਸਨ। ਨੌਜਵਾਨ ਕੈਨੇਡੀਅਨ ਇਸ ਦੀ ਲਪੇਟ ਵਿਚ ਵਧੇਰੇ ਆਏ ਹਨ, ਜਿਸ ਕਾਰਨ ਸ਼ੱਕ ਹੈ ਕਿ ਇਹ ਲੋਕ ਪਾਰਟੀਆਂ ਦੌਰਾਨ ਸੰਕਰਮਿਤ ਹੋ ਰਹੇ ਹਨ। 
ਕੈਨੇਡਾ ਵਿਚ 1,09,266 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋਏ ਹਨ ਤੇ 8,827 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਕੈਨੇਡਾ ਦੀ ਸਥਿਤੀ ਅਮਰੀਕਾ ਨਾਲੋਂ ਚੰਗੀ ਹੈ ਪਰ ਫਿਰ ਵੀ ਕੈਨੇਡਾ ਵਿਚ ਵੱਧ ਰਹੇ ਮਾਮਲੇ ਮਾਹਿਰਾਂ ਦੀ ਚਿੰਤਾ ਵੀ ਵਧਾ ਰਹੇ ਹਨ। 


Lalita Mam

Content Editor

Related News