ਕੈਨੇਡਾ ਨੇ ਇੱਕ ਹਫ਼ਤੇ ਦੌਰਾਨ 17 ਹਜ਼ਾਰ ਤੋਂ ਵਧੇਰੇ ਨਵੇਂ ਕੋਰੋਨਾ ਮਾਮਲਿਆਂ ਦੀ ਕੀਤੀ ਪੁਸ਼ਟੀ
Saturday, Sep 24, 2022 - 11:11 AM (IST)
ਓਟਾਵਾ (ਏਜੰਸੀ) : ਕੈਨੇਡਾ ਨੇ 17 ਸਤੰਬਰ ਨੂੰ ਖ਼ਤਮ ਹੋਏ ਹਫ਼ਤੇ ਦੌਰਾਨ 17,325 ਨਵੇਂ ਕੋਵਿਡ-19 ਮਾਮਲਿਆਂ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਹੈ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ (PHAC) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਦੇਸ਼ ਵਿੱਚ ਕੋਵਿਡ-19 ਦੇ ਕੁੱਲ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ ਕ੍ਰਮਵਾਰ 4,233,468 ਅਤੇ 44,992 ਤੱਕ ਪਹੁੰਚ ਗਈ ਹੈ। ਹਫ਼ਤੇ ਦੌਰਾਨ ਰੋਜ਼ਾਨਾ ਸਕਾਰਾਤਮਕ ਦਰ ਔਸਤਨ 10.1 ਫ਼ੀਸਦੀ ਸੀ।
ਉਥੇ ਹੀ ਸਰਕਾਰ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਮਹੀਨੇ ਦੇ ਅੰਤ ਤੱਕ ਕੋਵਿਡ-19 ਸਬੰਧੀ ਸਰਹੱਦੀ ਪਾਬੰਦੀਆਂ ਨੂੰ ਹਟਾ ਦਿੱਤਾ ਜਾਵੇਗਾ। ਦਰਅਸਲ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਉਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਤਹਿਤ 30 ਤਸੰਬਰ ਤੋਂ ਦੇਸ਼ ਵਿਚ ਦਾਖ਼ਲ ਹੋਣ ਵਾਲੇ ਲੋਕਾਂ ਲਈ ਕੋਵਿਡ-19 ਰੋਕੂ ਟੀਕੇ ਲਗਵਾਉਣ ਦੀ ਜ਼ਰੂਰਤ ਨੂੰ ਖ਼ਤਮ ਕਰਨ ਦੀ ਵਿਵਸਥਾ ਹੈ। ਇਕ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਟਰੂਡੋ ਨੇ ਕੈਬਨਿਟ ਦੇ ਉਸ ਫੈਸਲੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਜਿਸ ਵਿੱਚ 30 ਸਤੰਬਰ ਤੋਂ ਦੇਸ਼ ਦੀ ਸਰਹੱਦ ਵਿੱਚ ਦਾਖ਼ਲ ਹੋਣ ਲਈ ਲਾਜ਼ਮੀ ਕੋਵਿਡ-19 ਟੀਕਾਕਰਨ ਦੀ ਜ਼ਰੂਰਤ ਨੂੰ ਖ਼ਤਮ ਕਰਨ ਦਾ ਪ੍ਰਸਤਾਵ ਹੈ। ਹਾਲਾਂਕਿ ਟਰੂਡੋ ਸਰਕਾਰ ਨੇ ਟਰੇਨਾਂ ਅਤੇ ਹਵਾਈ ਜਹਾਜ਼ਾਂ 'ਚ ਯਾਤਰੀਆਂ ਲਈ ਮਾਸਕ ਪਹਿਨਣ ਦੀ ਲਾਜ਼ਮੀ ਵਿਵਸਥਾ ਨੂੰ ਖ਼ਤਮ ਕਰਨ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ ਹੈ।