ਕੈਲਗਰੀ 'ਚ 4 ਪੰਜਾਬੀਆਂ ਦੇ ਕਤਲ ਨਾਲ ਲੋਕਾਂ 'ਚ ਡਰ ਦਾ ਮਾਹੌਲ

Monday, May 27, 2019 - 09:26 AM (IST)

ਕੈਲਗਰੀ 'ਚ 4 ਪੰਜਾਬੀਆਂ ਦੇ ਕਤਲ ਨਾਲ ਲੋਕਾਂ 'ਚ ਡਰ ਦਾ ਮਾਹੌਲ

ਕੈਲਗਰੀ— ਕੈਨੇਡਾ 'ਚ ਵੱਡੀ ਗਿਣਤੀ 'ਚ ਪੰਜਾਬੀ ਭਾਈਚਾਰਾ ਰਹਿੰਦਾ ਹੈ ਪਰ ਬੀਤੇ ਕੁੱਝ ਦਿਨਾਂ ਤੋਂ ਪੰਜਾਬੀ ਨੌਜਵਾਨਾਂ ਦੇ ਕਤਲ ਹੋਣ ਦੀਆਂ ਖਬਰਾਂ ਨੇ ਉਨ੍ਹਾਂ ਨੂੰ ਡਰਾ ਕੇ ਰੱਖ ਦਿੱਤਾ ਹੈ। ਕੈਲਗਰੀ ਵਿੱਚ ਪਿਛਲੇ ਦਿਨਾਂ ਦੌਰਾਨ ਚਾਰ ਪੰਜਾਬੀ ਮੁੰਡਿਆਂ ਦਾ ਕਤਲ ਹੋਇਆ। ਹਾਲਾਂਕਿ ਪੁਲਸ ਵਲੋਂ ਇਨ੍ਹਾਂ ਕਤਲਾਂ ਦੇ ਕਾਰਨਾਂ ਦੀ ਜਾਂਚ ਹੋ ਰਹੀ ਹੈ ਪਰ ਜਿਨ੍ਹਾਂ ਘਰਾਂ 'ਚ ਸੱਥਰ ਵਿਛ ਗਏ ਹਨ, ਉਹ ਸਮਝ ਹੀ ਨਹੀਂ ਪਾ ਰਹੇ ਕਿ ਉਨ੍ਹਾਂ ਨਾਲ ਅਜਿਹਾ ਕਿਉਂ ਹੋਇਆ। ਪੁਲਸ ਨੂੰ ਇਨ੍ਹਾਂ ਚਾਰਾਂ ਕਤਲਾਂ ਦੀਆਂ ਤਾਰਾਂ ਜੁੜੇ ਹੋਣ ਦਾ ਸ਼ੱਕ ਹੈ ਤੇ ਫਿਲਹਾਲ ਉਹ ਜਾਂਚ ਕਰ ਰਹੇ ਹਨ।

 

 

ਜ਼ਿਕਰਯੋਗ ਹੈ ਕਿ 3 ਅਪ੍ਰੈਲ ਨੂੰ ਨਾਰਥ ਈਸਟ 'ਚ 37 ਐਵੇਨਿਊ ਦੇ 2400 ਬਲਾਕ 'ਚ ਸਵੇਰ ਸਮੇਂ ਗੋਲੀਬਾਰੀ ਹੋਈ ਤੇ ਦੋ ਪੰਜਾਬੀਆਂ ਦੀ ਮੌਤ ਹੋ ਗਈ। ਇਨ੍ਹਾਂ ਦੀ ਪਛਾਣ 25 ਸਾਲਾ ਜਸਦੀਪ ਸਿੰਘ ਤੇ 22 ਸਾਲਾ ਜਪਨੀਤ ਮੱਲ੍ਹੀ ਵਜੋਂ ਹੋਈ ਹੈ। ਅਜੇ ਇਨ੍ਹਾਂ ਦੋ ਪੰਜਾਬੀਆਂ ਦੇ ਸਿਵੇ ਠੰਢੇ ਨਹੀਂ ਸਨ ਹੋਏ ਕਿ ਨਾਰਥ ਵੈਸਟ ਵਿੱਚ ਇੱਕ ਪੰਜਾਬੀ ਨੌਜਵਾਨ ਬਿਕਰਮਜੀਤ ਢੀਂਡਸਾ ਦੀ ਲਾਸ਼ ਹੈਂਪਸਟਨ ਕਮਿਊਨਿਟੀ ਵਿੱਚੋਂ ਸ਼ੱਕੀ ਹਾਲਤ ਵਿੱਚ ਮਿਲੀ। ਇਸ ਮਾਮਲੇ ਦੀ ਅਜੇ ਜਾਂਚ ਹੀ ਚੱਲ ਰਹੀ ਸੀ ਕਿ ਟੈਰਾਡੇਲ  ਦਾ ਰਹਿਣ ਵਾਲਾ 23 ਸਾਲਾ ਸੌਰਭ ਸੈਣੀ ਇਸ ਜਹਾਨੋਂ ਕੂਚ ਕਰ ਗਿਆ।

ਇਨ੍ਹਾਂ ਕਤਲਾਂ ਦੀ ਚਰਚਾ ਕੈਨੇਡੀਅਨ ਮੀਡੀਆ ਵਿੱਚ ਵੀ ਹੋ ਰਹੀ ਹੈ। ਕੈਲਗਰੀ ਦੇ ਕੌਂਸਲਰ ਜੌਰਜ ਚਾਹਲ ਨੇ ਵੀ ਇਸ 'ਤੇ ਚਿੰਤਾ ਪ੍ਰਗਟ ਕੀਤੀ। ਕੈਨੇਡਾ 'ਚ ਰਹਿਣ ਵਾਲੇ ਮਾਂ-ਬਾਪ ਆਪਣੇ ਬੱਚਿਆਂ ਨੂੰ ਕਿਸੇ ਵੀ ਖਤਰੇ ਤੋਂ ਬਚਾਉਣ ਲਈ ਕੋਸ਼ਿਸ਼ਾਂ ਕਰ ਰਹੇ ਹਨ, ਉੱਥੇ ਹੀ ਜਿਹੜੇ ਪੰਜਾਬੀ ਨੌਜਵਾਨਾਂ ਦੇ ਪਰਿਵਾਰ ਅਜੇ ਪੰਜਾਬ 'ਚ ਹਨ, ਉਨ੍ਹਾਂ ਪਰਿਵਾਰਾਂ ਦੀ ਚਿੰਤਾ ਦੁੱਗਣੀ ਹੋ ਗਈ ਹੈ। ਭਾਈਚਾਰੇ ਦੀ ਮੰਗ ਹੈ ਕਿ ਪੁਲਸ ਵਲੋਂ ਸੁਰੱਖਿਆ ਦੇ ਪ੍ਰਬੰਧਾਂ ਨੂੰ ਹੋਰ ਵੀ ਸਖਤ ਕੀਤਾ ਜਾਵੇ ਤੇ ਗੈਰ-ਕਾਨੂੰਨੀ ਤਰੀਕੇ ਨਾਲ ਰੱਖੇ ਜਾਣ ਵਾਲੇ ਹਥਿਆਰਾਂ 'ਤੇ ਵੀ ਰੋਕ ਲਗਾਈ ਜਾਵੇ।


Related News