ਕੈਨੇਡਾ : ਬਰੌਕ ਯੂਨੀਵਰਸਿਟੀ ਕੈਂਪਸ 'ਤੇ ਹਮਲਾ, 3 ਵਿਦਿਆਰਥੀ ਜ਼ਖਮੀ

Friday, Mar 22, 2019 - 12:00 PM (IST)

ਕੈਨੇਡਾ : ਬਰੌਕ ਯੂਨੀਵਰਸਿਟੀ ਕੈਂਪਸ 'ਤੇ ਹਮਲਾ, 3 ਵਿਦਿਆਰਥੀ ਜ਼ਖਮੀ

ਟੋਰਾਂਟੋ (ਬਿਊਰੋ)— ਕੈਨੇਡਾ ਦੀ ਇਕ ਯੂਨੀਵਰਸਿਟੀ ਕੰਪਲੈਕਸ ਵਿਚ ਬੀਤੀ ਰਾਤ ਕਥਿਤ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਤਿੰਨ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਨਿਆਗਰਾ ਖੇਤਰੀ ਪੁਲਸ ਨੇ ਬਰੌਕ ਯੂਨੀਵਰਸਿਟੀ ਦੇ ਇਕ ਕੰਪਲੈਕਸ ਵਿਚ ਗੋਲੀਬਾਰੀ ਦੀ ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕੀਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਤਿੰਨ ਵਿਦਿਆਰਥੀਆਂ ਨੂੰ ਜ਼ਖਮੀ ਪਾਇਆ।

ਪੀੜਤਾਂ ਵਿਚੋਂ ਦੋ ਚਾਕੂ ਵੱਜਣ ਕਾਰਨ ਜ਼ਖਮੀ ਹੋਏ ਸਨ ਅਤੇ ਇਕ ਵਿਦਿਆਰਥੀ ਨੂੰ ਗੋਲੀ ਲੱਗੀ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਨੂੰ ਪੈਲੇਟ ਬੰਦੂਕ ਨਾਲ ਗੋਲੀ ਮਾਰੀ ਗਈ ਸੀ। ਖੇਤਰੀ ਪੁਲਸ ਦੇ ਬੁਲਾਰੇ ਨੇ ਦੱਸਿਆ ਕਿ ਤਿੰਨਾਂ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਸਥਾਨਕ ਹਸਪਤਾਲ ਲਿਜਾਇਆ ਗਿਆ। ਇਸ ਮਾਮਲੇ ਵਿਚ 4 ਸ਼ੱਕੀਆਂ ਨੂੰ ਕਾਰ ਜ਼ਰੀਏ ਕੈਂਪਸ ਵਿਚੋਂ ਭੱਜਦਿਆਂ ਦੇਖਿਆ ਗਿਆ। 

ਨਿਆਗਰਾ ਖੇਤਰੀ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਸੂਸ, ਯੂਨੀਫਾਰਮ ਅਫਸਰ ਅਤੇ ਕੇ9 ਅਧਿਕਾਰੀ ਉਨ੍ਹਾਂ ਨੂੰ ਸਹਿਯੋਗ ਦੇ ਰਹੇ ਹਨ। ਇੱਥੇ ਦੱਸ ਦਈਏ ਕਿ ਬਰੌਕ ਯੂਨੀਵਰਸਿਟੀ ਨਿਆਗਰਾ ਖੇਤਰ ਵਿਚ ਸਥਿਤ ਹੈ ਅਤੇ ਇਸ ਦੀਆਂ 7 ਬੌਡੀਆਂ ਵਿਚ 19,000 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ।


author

Vandana

Content Editor

Related News