ਮਦਦ ਦੇ ਨਾਮ ''ਤੇ ਚੀਨ ਨੇ ਲਗਾਇਆ ਚੂਨਾ, ਕੈਨੇਡਾ ਨੂੰ ਭੇਜੇ 60 ਹਜ਼ਾਰ ਨਕਲੀ ਮਾਸਕ

04/09/2020 6:03:30 PM

ਟੋਰਾਂਟੋ/ਬੀਜਿੰਗ (ਬਿਊਰੋ): ਦੁਨੀਆ ਭਰ ਵਿਚ ਕੋਰੋਨਾਵਾਇਰਸ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਸਾਰੇ ਦੇਸ਼ ਇਸ ਮਹਾਮਾਰੀ ਨਾਲ ਜੰਗ ਲੜਨ ਵਿਚ ਲੱਗੇ ਹੋਏ ਹਨ। ਕਈ ਦੇਸ਼ ਇਸ ਵਾਇਰਸ ਨਾਲ ਲੜਨ ਵਿਚ ਵਰਤੇ ਜਾਣ ਵਾਲੇ ਉਪਕਰਣਾਂ ਦੀ ਕਮੀ ਨਾਲ ਵੀ ਜੂਝ ਰਹੇ ਹਨ। ਇਸ ਦੌਰਾਨ ਚੀਨ ਨੇ ਮਦਦ ਦੇ ਤਹਿਤ ਕਈ ਦੇਸ਼ਾਂ ਨੂੰ ਮਾਸਕ ਦੀ ਸਪਲਾਈ ਕਰਨ ਦੀ ਜ਼ਿੰਮੇਵਾਰੀ ਲਈ ਹੈ ਪਰ ਅਜਿਹੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੁਝ ਦਿਨ ਪਹਿਲਾਂ ਚੀਨ ਵੱਲੋਂ ਕੈਨੇਡਾ ਨੂੰ ਜਿਹੜੇ 60 ਹਜ਼ਾਰ ਤੋਂ ਵਧੇਰੇ ਮਾਸਕ ਭੇਜੇ ਗਏ, ਉਹਨਾਂ ਵਿਚੋਂ ਜ਼ਿਆਦਾਤਰ ਖਰਾਬ ਨਿਕਲੇ ਹਨ।ਇਹਨਾਂ ਮਾਸਕਾਂ ਨੂੰ ਵਾਪਸ ਭੇਜ ਦਿੱਤਾ ਜਾਵੇਗਾ।

PunjabKesari

ਖਰਾਬ ਮਾਸਕ ਦੇ ਇਸ ਮਾਮਲੇ ਨਾਲ ਕੈਨੇਡਾ ਦੇ ਸਾਹਮਣੇ ਇਕ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ। ਕੈਨੇਡਾ ਸਰਕਾਰ ਨੂੰ ਸ਼ੱਕ ਹੈ ਕਿ ਕਿਤੇ ਇਹਨਾਂ ਖਰਾਬ ਮਾਸਕਾਂ ਦੀ ਵਰਤੋਂ ਕਾਰਨ ਹੈਲਥ ਕੇਅਰ ਸਟਾਫ ਕੋਰੋਨਾਵਾਇਰਸ ਦੇ ਸੰਪਰਕ ਵਿਚ ਤਾਂ ਨਹੀਂ ਆ ਗਿਆ। ਇਸ ਲਈ ਕੈਨੇਡਾ ਸਰਕਾਰ ਤੇਜ਼ੀ ਨਾਲ ਜਾਂਚ ਵਿਚ ਜੁੱਟ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਤੋਂ ਆਏ ਇਹਨਾਂ ਮਾਸਕਾਂ ਨੂੰ ਇਕ ਹਫਤੇ ਪਹਿਲਾਂ ਹੀ ਟੋਰਾਂਟੋ ਦੇ ਵੱਖ-ਵੱਖ ਹਸਪਤਾਲਾਂ ਵਿਚ ਭੇਜਿਆ ਗਿਆ ਸੀ। ਹੁਣ ਇਹ ਖਬਰਾਂ ਆ ਰਹੀਆਂ ਹਨ ਕਿ ਟੋਰਾਂਟੋ ਦੇ ਹਸਪਤਾਲਾਂ ਵਿਚ ਵੰਡੇ ਗਏ ਮਾਸਕ ਫਟ ਰਹੇ ਹਨ। ਇਸ ਦੇ ਬਾਅਦ ਸਾਰੇ ਮਾਸਕਾਂ ਨੂੰ ਵਾਪਸ ਮੰਗਵਾਇਆ ਗਿਆ ਹੈ। 

PunjabKesari

ਇਹੀ ਨਹੀਂ ਅਜਿਹੇ ਹੋਰ ਵੀ ਦੇਸ਼ ਹਨ ਜਿੱਥੇ ਚੀਨ ਵੱਲੋਂ ਭੇਜੇ ਗਏ ਖਰਾਬ ਮਾਸਕ ਪਾਏ ਗਏ ਹਨ। ਇਹਨਾਂ ਵਿਚ ਸਪੇਨ, ਨੀਦਰਲੈਂਡ, ਚੈੱਕ ਰੀਪਬਲਿਕ ਅਤੇ ਤੁਰਕੀ ਜਿਹੇ ਦੇਸ਼ ਸ਼ਾਮਲ ਹਨ। ਭਾਵੇਂਕਿ ਕੈਨੇਡਾ ਦੇ ਸਾਰੇ ਖੇਤਰਾਂ ਤੋਂ ਖਰਾਬ ਮਾਸਕ ਮਿਲਣ ਦੀ ਪੁਸ਼ਟੀ ਨਹੀਂ ਹੋਈ ਹੈ ਸਗੋਂ ਸਿਰਫ ਟੋਰਾਂਟੋ ਸ਼ਹਿਰ ਵਿਚ ਹੀ ਚੀਨ ਦੇ ਖਰਾਬ ਮਾਸਕਾਂ ਦਾ ਮਾਮਲਾ ਸਾਹਮਣੇ ਆਇਆ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਕੰਪਨੀ ਅਮਰੀਕਾ ਨੂੰ 34 ਲੱਖ 'ਹਾਈਡ੍ਰੋਕਸੀਕਲੋਰੋਕਵਿਨ' ਦਵਾਈ ਕਰੇਗੀ ਦਾਨ

ਜਾਣਕਾਰੀ ਮੁਤਾਬਕ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਮੰਤਰੀ ਅਨਿਤਾ ਆਨੰਦ ਨੇ ਓਟਾਵਾ ਵਿਚ ਪ੍ਰਾਈਵੇਟ ਕੰਪਨੀਆਂ ਨੂੰ ਕਿਹਾ  ਹੈ ਕਿ ਉਹ ਕੈਨੇਡਾ ਸਾਮਾਨ ਭੇਜਣ ਤੋਂ ਪਹਿਲਾਂ ਉਸ ਦੀ ਜਾਂਚ ਕਰਵਾਉਣ।ਇਹੀ ਨਹੀਂ ਸਾਰੇ ਜ਼ਰੂਰੀ ਸਾਮਾਨਾਂ ਨੂੰ ਹਸਪਤਾਲ ਭੇਜਣ ਤੋਂ ਪਹਿਲਾਂ ਵੀ ਉਹਨਾਂ ਦੀ ਜਾਂਚ ਜ਼ਰੂਰ ਕਰਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਕਿ ਜਿੱਥੇ ਚੀਨ ਨੇ ਅੰਡਰਵੀਅਰ ਨਾਲ ਬਣੇ ਮਾਸਕ ਭੇਜ ਦਿੱਤੇ ਸਨ ਅਤੇ ਇਸ ਗੱਲ ਦੀ ਜਾਣਕਾਰੀ ਉਹਨਾਂ ਨੂੰ ਉਦੋਂ ਲੱਗੀ ਜਦੋਂ ਉਹ ਹਸਪਤਾਲ ਵਿਚ ਪਹੁੰਚ ਚੁੱਕੇ ਸਨ। ਇਸ ਸਭ ਦੇ ਇਲਾਵਾ ਟੋਰਾਂਟੋ ਦੇ 10 ਕੇਅਰ ਹੋਮ ਵਿਚ ਕੋਰੋਨਾਵਾਇਰਸ ਦੇ 19 ਮਾਮਲੇ ਸਾਹਮਣੇ ਆਏ ਹਨ। ਅਜਿਹੇ ਵਿਚ ਚਿੰਤਾ ਹੋਰ ਵੱਧ ਗਈ ਹੈ। ਸ਼ਹਿਰ ਦੇ ਬੁਲਾਰੇ ਬ੍ਰੈਡ ਰੌਸ ਦਾ ਕਹਿਣਾ ਹੈ ਕਿ ਖਰਾਬ ਮਾਸਕ ਦਾ ਪਤਾ ਉਦੋਂ ਚੱਲਿਆ ਜਦੋਂ ਉਹਨਾਂ ਮਾਸਕਾਂ ਨੂੰ ਪਹਿਨਿਆ ਜਾ ਰਿਹਾ ਸੀ। ਇਸ ਨੂੰ ਲੈ ਕੇ ਵੈਂਡਰ ਮਾਸਕ ਦੇ ਬਦਲੇ 2 ਲੱਖ ਡਾਲਰ ਵਾਪਸ ਦੇਣ ਲਈ ਤਿਆਰ ਹਨ। ਨਾਲ ਹੀ ਉਹਨਾਂ ਨੇ ਦੱਸਿਆਕਿ 15 ਲੋਕਾਂ ਵਿਚ ਵਾਇਰਸ ਦੀ ਪੁਸ਼ਟੀ ਹੋਈ ਹੈ ਪਰ ਇਹ ਇਹ ਮਾਮਲੇ ਖਰਾਬ ਮਾਸਕ ਕਾਰਨ ਸਾਹਮਣੇ ਨਹੀਂ ਆਏ ਹਨ।

ਪੜ੍ਹੋ ਇਹ ਅਹਿਮ ਖਬਰ- ਕੋਵਿਡ-19 : ਚੀਨ 'ਚ ਇਕ ਦਿਨ 'ਚ 63 ਨਵੇਂ ਮਾਮਲੇ, ਮੁੜ ਮੰਡਰਾ ਰਿਹੈ ਖਤਰਾ
 


Vandana

Content Editor

Related News