ਟਰੱਕ ਡਰਾਈਵਰਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੈਨੇਡਾ-ਅਮਰੀਕਾ 'ਚ ਤਲਖੀ, ਅਮਰੀਕੀ ਅਧਿਕਾਰੀਆਂ ਨੂੰ ਦਿੱਤੀ ਚਿਤਾਵਨੀ

02/08/2022 12:04:10 PM

ਓਟਾਵਾ (ਭਾਸ਼ਾ): ਕੈਨੇਡਾ ਨੇ ਅਮਰੀਕਾ ਨੂੰ ਅਪੀਲ ਕੀਤੀ ਹੈ ਕਿ ਉਹ ਓਟਾਵਾ ਵਿਚ ਕੋਵਿਡ-19 ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨਾਂ ਨੂੰ ਉਤਸ਼ਾਹਿਤ ਨਾ ਕਰੇ। ਕੈਨੇਡਾ ਦੇ ਜਨਤਕ ਸੁਰੱਖਿਆ ਮੰਤਰੀ ਨੇ ਸੋਮਵਾਰ ਨੂੰ ਕਿਹਾ ਕਿ ਅਮਰੀਕੀ ਅਧਿਕਾਰੀਆਂ ਨੂੰ ਉਨ੍ਹਾਂ ਦੇ ਘਰੇਲੂ ਮਾਮਲਿਆਂ ਵਿਚ ਦਖ਼ਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਦਰਅਸਲ, ਅਮਰੀਕਾ ਦੀ ਰਿਪਬਲਿਕਨ ਪਾਰਟੀ ਦੇ ਕਈ ਚੋਟੀ ਦੇ ਨੇਤਾ ਕੋਵਿਡ-19 ਨਾਲ ਜੁੜੀਆਂ ਪਾਬੰਦੀਆਂ ਖ਼ਿਲਾਫ਼ ਪ੍ਰਦਰਸ਼ਨਾਂ ਦਾ ਸਮਰਥਨ ਕਰ ਰਹੇ ਹਨ। ਓਟਾਵਾ ਵਿਚ ਇਕ ਦਿਨ ਪਹਿਲਾਂ ਹੀ ਐਮਰਜੈਂਸੀ ਲਾਗੂ ਕੀਤੀ ਗਈ ਸੀ। ਓਟਾਵਾ ਦੇ ਮੇਅਰ ਨੇ ਲਗਭਗ 2,000 ਵਾਧੂ ਪੁਲਸ ਅਧਿਕਾਰੀਆਂ ਨੂੰ ਤਾਇਨਾਤ ਕੀਤੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਤਥਾਕਥਿਤ ‘ਆਜ਼ਾਦ ਟਰੱਕ ਕਾਫਲੇ’ ਨੂੰ ਰੋਕਣ ਵਿਚ ਮਦਦ ਮਿਲ ਸਕੇ। ਪ੍ਰਦਰਸ਼ਨਾਂ ਕਾਰਨ ਸ਼ਹਿਰ ਪੂਰੀ ਤਰ੍ਹਾਂ ਨਾਲ ਠੱਪ ਹੋ ਕੇ ਰਹਿ ਗਿਆ ਹੈ ਅਤੇ ਇਸ ਨਾਲ ਆਰਥਿਕ ਗਤੀਵਿਧੀਆਂ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ।

ਇਹ ਵੀ ਪੜ੍ਹੋ: ਕੈਨੇਡਾ ਚ ਟਰੱਕ ਡਰਾਈਵਰਾਂ ਵੱਲੋਂ ਪ੍ਰਦਰਸ਼ਨ ਜਾਰੀ, ਜਸਟਿਨ ਟਰੂਡੋ ਨੇ ਦਿੱਤਾ ਵੱਡਾ ਬਿਆਨ

ਓਟਾਵਾ ਦੇ ਪੁਲਸ ਮੁਖੀ ਪੀਟਰ ਸਲੋਲੀ ਨੇ ਇਸ ਨੂੰ ਕੈਨੇਡਾ ਵਿਚ ਕਦੇ ਨਹੀਂ ਦੇਖਿਆ ਗਿਆ ਬੇਮਿਸਾਲ ਵਿਰੋਧ ਪ੍ਰਦਰਸ਼ਨ ਕਰਾਰ ਦਿੰਦੇ ਹੋਏ ਮੰਨਿਆ ਹੈ ਕਿ ਅਧਿਕਾਰੀ ਇਸ ਨੂੰ ਰੋਕਣ ਦੀ ਯੋਜਨਾ ਬਣਾਉਣ ਵਿਚ ਅਸਫ਼ਲ ਰਹੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸਮੇਤ ਰਿਪਬਲਿਕਨ ਪਾਰਟੀ ਆਫ ਅਮਰੀਕਾ ਦੇ ਕਈ ਨੇਤਾਵਾਂ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਹੈ। ਟਰੰਪ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ‘ਘੋਰ ਖੱਬੇਪੱਖੀ’ ਕਰਾਰ ਦਿੰਦੇ ਹੋਏ ਕਿਹਾ ਕਿ ਟਰੂਡੋ ਕੋਵਿਡ-19 ਸਬੰਧੀ ਮੂਰਖਤਾਪੂਰਨ ਪਾਬੰਦੀਆਂ ਲਗਾ ਕੇ ਕੈਨੇਡਾ ਨੂੰ ਬਰਬਾਦ ਕਰ ਰਹੇ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਉਥੋਂ ਨਹੀਂ ਹਟਣਗੇ, ਜਦੋਂ ਤੱਕ ਟੀਕਾਕਰਨ ਨਾਲ ਸਬੰਧਤ ਸਾਰੇ ਨਿਯਮਾਂ ਅਤੇ ਕੋਵਿਡ-19 ਸਬੰਧੀ ਪਾਬੰਦੀਆਂ ਪੂਰੀ ਤਰ੍ਹਾਂ ਖ਼ਤਮ ਨਹੀਂ ਕਰ ਦਿੱਤਾ ਜਾਂਦਾ।

ਇਹ ਵੀ ਪੜ੍ਹੋ: ਦੁਬਈ ’ਚ ਪਲਾਸਟਿਕ ਬੈਗ ਦੀ ਵਰਤੋਂ ਪਵੇਗੀ ਭਾਰੀ, ਹੁਣ ਜੇਬ ਹੋਵੇਗੀ ਢਿੱਲੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News