ਪਾਕਿ 'ਚ ਹਿੰਦੂ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ਵਿਰੁੱਧ ਕੈਨੇਡਾ 'ਚ ਪ੍ਰਦਰਸ਼ਨ

07/08/2019 11:29:41 AM

ਟੋਰਾਂਟੋ (ਬਿਊਰੋ)— ਕੈਨੇਡਾ ਦੇ ਮਿਸੀਸਾਗਾ ਸੈਲੀਬ੍ਰੇਸ਼ਨ ਸਕਵਾਇਰ ਵਿਚ ਸ਼ਨੀਵਾਰ ਨੂੰ ਸਿੰਧੀ ਭਾਈਚਾਰੇ ਨੇ ਪਾਕਿਸਤਾਨ ਵਿਚ ਨਾਬਾਲਗ ਹਿੰਦੂ ਕੁੜੀਆਂ ਦੇ ਜ਼ਬਰਦਸਤੀ ਧਰਮ ਪਵਿਰਤਨ ਵਿਰੁੱਧ ਪ੍ਰਦਰਸ਼ਨ ਕੀਤਾ। ਭਾਈਚਾਰੇ ਨੇ ਉਨ੍ਹਾਂ ਕੁੜੀਆਂ ਲਈ ਨਿਆਂ ਦੀ ਮੰਗ ਕੀਤੀ, ਜਿਨ੍ਹਾਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਹੈ। ਕੈਨੇਡਾ ਵਿਚ ਤਿੰਨ ਮਹੀਨੇ ਦੇ ਅੰਦਰ ਇਹ ਦੂਜਾ ਵਿਰੋਧ ਪ੍ਰਦਰਸ਼ਨ ਹੈ ਜਿੱਥੇ ਭਾਈਚਾਰੇ ਨੇ ਇਸ ਅਪਰਾਧ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਆਯੋਜਕਾਂ ਮੁਤਾਬਕ ਇਸ ਵਿਰੋਧ ਪ੍ਰਦਰਸ਼ਨ ਦਾ ਉਦੇਸ਼ ਪਾਕਿਸਤਾਨ ਸਰਕਾਰ 'ਤੇ ਉਨ੍ਹਾਂ ਅਪਰਾਧੀਆਂ ਵਿਰੁੱਧ ਕਾਰਵਾਈ ਲਈ ਦਬਾਅ ਬਣਾਉਣਾ ਸੀ ਜੋ ਧਰਮ ਨੂੰ ਹਥਿਆਰ ਬਣਾ ਕੇ ਮਾਸੂਮ ਬੱਚੀਆਂ ਦਾ ਜਿਨਸੀ ਸ਼ੋਸ਼ਣ ਕਰਦੇ ਹਨ। ਪ੍ਰਦਰਸ਼ਨਕਾਰੀਆਂ ਨੇ ਅਧਿਕਾਰਕ ਬਿਆਨ ਜਾਰੀ ਕਰ ਕੇ ਕਿਹਾ,''ਜਿਵੇਂ ਕਿ ਤੁਸੀਂ ਜਾਣਦੇ ਹੋ ਸਿੰਧੀ ਹਿੰਦੂ ਵੱਡੇ ਦੁੱਖ ਵਿਚ ਹਨ ਕਿਉਂਕਿ ਅੱਜ-ਕਲ੍ਹ ਪਾਕਿਸਤਾਨ ਵਿਚ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ।''

ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਫੜੇ ਪੋਸਟਰਾਂ ਵਿਚ ਲਿਖਿਆ ਸੀ 'ਪਾਕਿਸਤਾਨ ਵਿਚ ਨਾਬਾਲਗ ਹਿੰਦੂ ਕੁੜੀਆਂ ਦਾ ਜ਼ਬਰਦਸਤੀ ਧਰਮ ਪਰਿਵਰਤਨ ਬੰਦ ਹੋਵੇ', 'ਪਾਕਿਸਤਾਨ ਵਿਚ ਧਾਰਮਿਕ ਘੱਟ ਗਿਣਤੀ ਸ਼ੋਸ਼ਣ ਬੰਦ ਕਰੋ', 'ਪਾਕਿਸਤਾਨ ਹਿੰਦੂ ਕੁੜੀਆਂ ਨੂੰ ਅਗਵਾ ਕਰਨਾ ਬੰਦ ਕਰੋ'। ਉਨ੍ਹਾਂ ਨੇ ਪ੍ਰਦਰਸ਼ਨ ਦੌਰਾਨ 'ਸਾਨੂੰ ਨਿਆਂ ਚਾਹੀਦਾ' ਦੇ ਨਾਅਰੇ ਵੀ ਲਗਾਏ।

 

ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਇਕੱਲੇ ਸਿੰਧ ਸੂਬੇ ਵਿਚ ਹਿੰਦੂ ਅਤੇ ਈਸਾਈ ਭਾਈਚਾਰੇ ਦੀਆਂ ਕੁੜੀਆਂ ਦੇ ਜ਼ਬਰਦਸਤੀ ਧਰਮ ਪਰਿਵਰਤਨ ਅਤੇ ਵਿਆਹ ਦੇ ਕਰੀਬ 1000 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ 'ਤੇ ਦੇਸ਼ ਦੇ ਸੁਤੰਤਰ ਮਨੁੱਖੀ ਅਧਿਕਾਰ ਸੰਗਠਨ ਨੇ ਚਿੰਤਾ ਜ਼ਾਹਰ ਕੀਤੀ ਹੈ। 16 ਅਪ੍ਰੈਲ ਨੂੰ ਆਪਣੀ ਸਾਲਾਨਾ ਰਿਪੋਰਟ ਵਿਚ ਪਾਕਿਸਤਾਨ ਮਨੁੱਖੀ ਅਧਿਕਾਰ ਕਮਿਸ਼ਨ (ਐੱਚ.ਆਰ.ਸੀ.ਪੀ.) ਨੇ ਕਿਹਾ ਸੀ ਕਿ ਸਰਕਾਰ ਨੇ ਅਜਿਹੇ ਜ਼ਬਰੀ ਵਿਆਹ ਰੋਕਣ ਦੀਆਂ ਅਤੀਤ ਵਿਚ ਚੰਗੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ। ਇਹ ਕੋਸ਼ਿਸ਼ਾਂ ਬਹੁਤ ਮਾਮੂਲੀ ਰਹੀਆਂ।

ਐੱਚ.ਆਰ.ਸੀ.ਪੀ. ਨੇ ਪਾਕਿ ਸਾਂਸਦਾਂ ਨੂੰ ਹਿੰਦੂ-ਈਸਾਈ ਕੁੜੀਆਂ ਦੇ ਧਰਮ ਪਰਿਵਰਤਨ ਅਤੇ ਜ਼ਬਰੀ ਵਿਆਹ ਦੇ ਚਲਨ ਨੂੰ ਖਤਮ ਕਰਨ ਲਈ ਇਕ ਪ੍ਰਭਾਵੀ ਕਾਨੂੰਨ ਬਣਾਉਣ ਦੀ ਮੰਗ ਕੀਤੀ। ਕਮਿਸ਼ਨ ਨੇ 335 ਸਫਿਆਂ ਵਾਲੀ ਰਿਪੋਰਟ '2018 ਵਿਚ ਮਨੁੱਖੀ ਅਧਿਕਾਰ ਦੀ ਸਥਿਤੀ' ਵਿਚ ਕਿਹਾ ਹੈ ਕਿ 2018 ਵਿਚ ਸਿਰਫ ਸਿੰਧ ਸੂਬੇ ਵਿਚ ਹੀ ਹਿੰਦੂ ਅਤੇ ਈਸਾਈ ਕੁੜੀਆਂ ਨਾਲ ਸਬੰਧਤ ਅਨੁਮਾਨਿਤ ਇਕ ਹਜ਼ਾਰ ਮਾਮਲੇ ਸਾਹਮਣੇ ਆਏ।

ਅਪ੍ਰੈਲ ਦੇ ਸ਼ੁਰੂ ਵਿਚ ਕੈਨੇਡਾ ਵਿਚ ਅਜਿਹੇ ਰੋਸ ਪ੍ਰਗਟਾਵੇ ਕੀਤੇ ਗਏ ਜਦੋਂ ਹੌਲੀ ਮੌਕੇ ਪਾਕਿਸਤਾਨ ਵਿਚ ਦੋ ਹਿੰਦੂ ਕੁੜੀਆਂ ਨੂੰ ਉਨ੍ਹਾਂ ਦੇ ਘਰੋਂ ਅਗਵਾ ਕਰ ਕੇ ਉਨ੍ਹਾਂ ਦਾ ਜ਼ਬਰੀ ਧਰਮ ਪਰਿਵਰਤਨ ਕਰਵਾਇਆ ਗਿਆ। ਭਾਰਤ ਸਰਕਾਰ ਨੇ ਵੀ ਪਾਕਿਸਤਾਨ ਦੇ ਵਿਦੇਸ਼ ਵਿਭਾਗ ਨੂੰ ਇਕ ਸਰਕਾਰੀ ਨੋਟਿਸ ਜ਼ਰੀਏ ਇਸ ਘਟਨਾ 'ਤੇ ਚਿੰਤਾ ਜ਼ਾਹਰ ਕੀਤੀ ਸੀ ਅਤੇ ਇਮਰਾਨ ਖਾਨ ਦੀ ਸਰਕਾਰ ਨੂੰ ਘੱਟ ਗਿਣਤੀ ਭਾਈਚਾਰੇ ਦੀ ਸੁਰੱਖਿਆ ਯਕੀਨੀ ਕਰਨ ਲਈ ਉਚਿਤ ਕਾਰਵਾਈ ਦੀ ਮੰਗ ਕੀਤੀ ਸੀ।


Vandana

Content Editor

Related News