ਕੈਨੇਡਾ : ਈਰਾਨੀਆਂ ਨੇ ਕਾਸਿਮ ਸੁਲੇਮਾਨੀ ਦੀ ਮੌਤ ਦਾ ਮਨਾਇਆ ਜਸ਼ਨ
Sunday, Jan 05, 2020 - 12:50 AM (IST)

ਟੋਰਾਂਟੋ (ਏਜੰਸੀ)- ਬੀਤੇ ਸ਼ੁੱਕਰਵਾਰ ਨੂੰ ਇਰਾਕ ਦੀ ਰਾਜਧਾਨੀ ਬਗ਼ਦਾਦ ਦੇ ਹਵਾਈ ਅੱਡੇ 'ਤੇ ਅਮਰੀਕੀ ਡਰੋਨ ਹਮਲੇ ਵਿਚ ਈਰਾਨ ਦੇ ਚੋਟੀ ਦੇ ਕਮਾਂਡਰ ਕਾਸਿਮ ਸੁਲੇਮਾਨੀ ਸਣੇ 8 ਲੋਕਾਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਹੋਰ ਵਧ ਗਿਆ ਹੈ। ਅਮਰੀਕਾ ਦੀ ਇਸ ਕਾਰਵਾਈ ਤੋਂ ਬਾਅਦ ਜਿੱਥੇ ਪੂਰੇ ਵਿਸ਼ਵ ਵਿਚ ਇਸ ਕਾਰਵਾਈ ਦੀ ਵਿਰੁੱਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹੀ ਕੈਨੇਡਾ ਵਿਚ ਰਹਿੰਦੇ ਈਰਾਨੀਆਂ ਵਲੋਂ ਇਸ ਕਾਰਵਾਈ ਲਈ ਜਸ਼ਨ ਮਨਾਇਆ ਜਾ ਰਿਹਾ ਹੈ। ਲੋਕ ਸੜਕਾਂ 'ਤੇ ਉੱਤਰ ਕੇ ਅਮਰੀਕਾ ਦੀ ਇਸ ਕਾਰਵਾਈ ਦਾ ਜਸ਼ਨ ਮਨਾ ਰਹੇ ਹਨ ਅਤੇ ਖੁਸ਼ੀ ਵਿਚ ਨੱਚ ਰਹੇ ਹਨ।
ਜਦੋਂ ਫਲਸਤੀਨ, ਬਰਲਿਨ, ਲੰਡਨ ਇਥੋਂ ਤੱਕ ਕਿ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. ਤੱਕ 'ਚ ਕਾਸਿਮ ਸੁਲੇਮਾਨੀ 'ਤੇ ਅਮਰੀਕਾ ਵਲੋਂ ਕੀਤੇ ਗਏ ਹਮਲੇ ਦੀ ਨਿਖੇਧੀ ਕੀਤੀ ਜਾ ਰਹੀ ਹੈ ਅਤੇ ਲੋਕ ਸੜਕਾਂ 'ਤੇ ਉਤਰ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਤਹਿਰਾਨ ਪੱਖੀ ਫਲਸਤੀਨੀਆਂ ਨੇ ਗਾਜ਼ਾ ਸ਼ਹਿਰ ਵਿਚ ਅਮਰੀਕੀ ਝੰਡੇ ਸਾੜੇ। ਪਾਕਿਸਤਾਨ ਵਿਚ ਵੀ ਪ੍ਰਦਰਸ਼ਨਕਾਰੀਆਂ ਵਲੋਂ ਅਮਰੀਕਾ ਅਤੇ ਇਜ਼ਰਾਇਲ ਦੇ ਝੰਡੇ ਸਾੜੇ ਜਾ ਰਹੇ ਹਨ।