ਕੈਨੇਡਾ ''ਚ ਪੱਕੇ ਹੋਣ ਲਈ ਅੱਜ ਤੋਂ ਅਰਜ਼ੀ ਦੇਣੀ ਸੰਭਵ, 5 ਨਵੰਬਰ ਤੱਕ ਕੀਤਾ ਜਾ ਸਕਦੈ ਅਪਲਾਈ

05/06/2021 12:33:52 PM

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਵਿਚ ਪੱਕੇ ਹੋਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ਹੈ। ਇਸ ਲਈ ਕੈਨੇਡਾ ਸਰਕਾਰ ਨੇ ਨਵੇਂ ਰਸਤਿਆਂ ਦੀ ਘੋਸ਼ਣਾ ਕੀਤੀ ਹੈ। ਇਸ ਮੁਤਾਬਕ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਬੀਤੇ ਦਿਨੀਂ 90000 ਵਿਦੇਸ਼ੀਆਂ ਨੂੰ ਪੱਕੇ ਹੋਣ ਦਾ ਮੌਕਾ ਦੇਣ ਦਾ ਐਲਾਨ ਕੀਤਾ ਗਿਆ ਸੀ, ਜਿਸ ਦੇ ਤਹਿਤ ਕੈਨੇਡਾ ਵਿਚ ਸਿਹਤ ਸੇਵਾਵਾਂ 20,000 ਅਤੇ ਹੋਰ ਲੋੜੀਂਦੇ ਕਿੱਤਿਆਂ ਵਿਚ ਕੰਮ ਕਰਦੇ 30,000 ਕਾਮਿਆਂ ਅਤੇ 40,000 ਕੈਨੇਡਾ ਵਿਚ ਪੜ੍ਹਾਈ ਕਰ ਚੁੱਕੇ ਵਿਦੇਸ਼ੀ ਵਿਦਿਆਰਥੀ ਅਰਜ਼ੀ ਦੇ ਸਕਦੇ ਹਨ। 

ਆਨਲਾਈਨ ਅਪਲਾਈ ਕਰਨ ਦਾ ਸਿਸਟਮ 6 ਮਈ ਤੋਂ ਖੋਲ੍ਹਿਆ ਜਾ ਰਿਹਾ ਹੈ ਜੋ 5 ਨਵੰਬਰ, 2021 ਤੱਕ ਖੁੱਲ੍ਹਿਆ ਰਹੇਗਾ। ਜਿਹੜੀ ਸ਼੍ਰੇਣੀ ਵਿਚ ਲੋੜੀਂਦੀਆਂ ਵੱਧ ਤੋਂ ਵੱਧ ਅਰਜ਼ੀਆਂ ਜਦੋਂ ਮਿਲ ਜਾਣਗੀਆਂ ਤਾਂ ਉਸ ਸ਼੍ਰੇਣੀ ਦਾ ਸਿਸਟਮ ਬੰਦ ਹੋ ਜਾਵੇਗਾ ਜਿਸ ਦਾ ਮਤਲਬ ਹੈ ਕਿ ਜੇਕਰ ਇਕ ਦਿਨ ਵਿਚ ਹੀ ਸਾਰੀਆਂ ਸ਼੍ਰੇਣੀਆਂ ਵਿਚ ਕੁੱਲ 90000 ਅਰਜ਼ੀਆਂ ਮਿਲ ਜਾਣਗੀਆਂ ਤਾਂ ਹੋਰ ਅਰਜ਼ੀਆਂ ਸਵੀਕਾਰ ਨਹੀਂ ਕੀਤੀਆਂ ਜਾਣਗੀਆਂ। ਜਾਣਕਾਰੀ ਮੁਤਾਬਕ ਸਾਰੀਆਂ ਅਰਜ਼ੀਆਂ ਆਨਲਾਈਨ ਅਪਲਾਈ ਕਰਨ ਦੀ ਸ਼ਰਤ ਰੱਖੀ ਗਈ ਹੈ। ਅਰਜ਼ੀ ਦਾ ਫਾਰਮ ਅਤੇ ਉਸ ਨਾਲ ਲੋੜੀਂਦੇ ਦਸਤਾਵੇਜ਼ (ਕੰਮ ਦਾ ਵੇਰਵਾ, ਭਾਸ਼ਾ ਦੇ ਗਿਆਨ ਦਾ ਸਰਟੀਫਿਕੇਟ ਆਦਿ) ਇਕੋ ਵਾਰੀ ਹੀ ਮੁਕੰਮਲ ਤੌਰ 'ਤੇ ਫਾਈਲ ਕੀਤੇ ਜਾਣੇ ਜ਼ਰੂਰੀ ਹਨ। ਅਧੂਰੀ ਅਰਜ਼ੀ ਨਹੀਂ ਦਿੱਤੀ ਜਾ ਸਕਦੀ ਹੈ। 

ਪੜ੍ਹੋ ਇਹ ਅਹਿਮ ਖਬਰ -ਅਮਰੀਕਾ ਨੇ ਮੁੜ ਜਾਰੀ ਕੀਤੀ 'ਯਾਤਰਾ ਸਲਾਹ', ਭਾਰਤ ਨਾ ਜਾਣ ਦੀ ਕੀਤੀ ਅਪੀਲ

ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਪੱਕੀ ਇਮੀਗ੍ਰੇਸ਼ਨ ਦੀਆਂ ਇਹ ਅਰਜ਼ੀਆਂ ਸਵੀਕਾਰ ਕਰਨ ਜਾਂ ਇਨਕਾਰ ਕਰਨ ਦੇ ਅਧਿਕਾਰ ਦਿੱਤੇ ਗਏ ਹਨ ਜਿਸ ਕਰਕੇ ਅਧੂਰੀ ਅਰਜ਼ੀ ਦੇ ਦਸਤਾਵੇਜ਼ ਪੂਰੇ ਕਰਨ ਦਾ ਬਿਨੈਕਾਰ ਨੂੰ ਮੌਕਾ ਨਹੀਂ ਦਿੱਤਾ ਜਾਵੇਗਾ। ਇਹ ਵੀ ਕਿ ਇਮੀਗ੍ਰੇਸ਼ਨ ਮੰਤਰਾਲੇ ਵੱਲੋਂ ਹਰੇਕ ਅਰਜ਼ੀ ਦਾ ਨਿਪਟਾਰਾ 6 ਕੁ ਮਹੀਨਿਆਂ ਵਿਚ ਕਰ ਦਿੱਤੇ ਜਾਣ ਦਾ ਟੀਚਾ ਰੱਖਿਆ ਗਿਆ ਹੈ। ਅਪਲਾਈ ਕਰਨ ਸਮੇਂ ਬਿਨੈਕਾਰ ਕੋਈ ਨੌਕਰੀ ਕਰਦਾ ਹੋਣਾ ਚਾਹੀਦਾ ਹੈ। ਬੀਮਾਰੀ ਜਾਂ ਕਿਸੇ ਹੋਰ ਕਾਰਨ ਦੀ ਛੁੱਟੀ ਨਾ ਲਈ ਹੋਵੇ ਪਰ ਜਿਹੜੇ ਕੰਮ ਦੇ ਤਜਰਬੇ ਦੀ ਸ਼ਰਤ ਪੂਰੀ ਕਰਕੇ ਅਪਲਾਈ ਕੀਤਾ ਜਾ ਰਿਹਾ ਹੋਵੇ ਅਰਜ਼ੀ ਕਰਨ ਸਮੇਂ ਉਸ ਕਿੱਤੇ ਵਿਚ ਕੰਮ ਕਰਦੇ ਹੋਣਾ ਜ਼ਰੂਰੀ ਨਹੀਂ ਹੈ। 

ਬੀਤੇ ਕੁਝ ਹਫ਼ਤਿਆਂ ਤੋਂ ਕੈਨੇਡਾ ਸਰਕਾਰ ਦੇ ਐਲਾਨ ਮੁਤਾਬਕ ਆਸਾਨ ਸ਼ਰਤਾਂ ਤਹਿਤ ਪੱਕੇ ਹੋਣ ਦੀ ਉਡੀਕ ਵਿਚ ਵਿਦੇਸ਼ੀ ਲੋਕ ਆਪਣੇ ਦਸਤਾਵੇਜ਼ ਪੂਰੇ ਕਰਨ ਵਿਚ ਜੁਟੇ ਰਹੇ ਹਨ ਅਤੇ ਸਰਕਾਰ ਦੀ ਐਪਲੀਕੇਸ਼ਨ ਵਾਲੀ ਪੋਰਟ ਖੋਲ੍ਹਣ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਇਮੀਗ੍ਰੇਸ਼ਨ ਮਾਮਲਿਆਂ ਦੇ ਕੁਝ ਮਾਹਰ ਇਹ ਵੀ ਮੰਨਦੇ ਹਨ ਕਿ 90000 ਅਰਜ਼ੀਆਂ ਦਾ ਟੀਚਾ ਕੁਝ ਦਿਨਾਂ ਹੀ ਪੂਰਾ ਹੋ ਜਾਣ ਦੀ ਸੰਭਾਵਨਾ ਹੈ।


Vandana

Content Editor

Related News